ਪੱਤਰ ਪ੍ਰੇਰਕ
ਫਿਲੌਰ, 14 ਅਕਤੂਬਰ
ਪਿੰਡ ਮੁਠੱਡਾ ਖੁਰਦ ਵਿੱਚ ਇੱਕ ਨੌਜਵਾਨ ਨੇ ਕੁਹਾੜੀ ਮਾਰ ਕੇ ਆਪਣੇ ਚਾਚੇ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ ਜੀਤੀ ਪੁੱਤਰ ਗੁਰਬਖ਼ਸ਼ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਪਰਮਜੀਤ ਤੇ ਉਸ ਦੇ ਭਰਾ ਬਲਵੰਤ ਸਿੰਘ ਦੇ ਘਰ ਦਾ ਵੇਹੜਾ ਸਾਂਝਾ ਸੀ ਤੇ ਦੋਵੇਂ ਸਕੀਆਂ ਭੈਣਾਂ ਨੂੰ ਵਿਆਹੇ ਹੋਏ ਸਨ। ਬਲਵੰਤ ਦੇ ਪੁੱਤਰ ਬਲਦੇਵ ਦੀ ਪਤਨੀ ਰੁੱਸ ਕੇ ਪੇਕੇ ਗਈ ਹੋਈ ਸੀ ਤੇ ਉਹ ਉਸ ਨੂੰ ਵਾਪਸ ਲਿਆਉਣ ਵਿੱਚ ਮਦਦ ਕਰਨ ਲਈ ਲੰਬੇ ਸਮੇਂ ਤੋਂ ਆਪਣੇ ਚਾਚੇ ਨਾਲ ਝਗੜ ਰਿਹਾ ਸੀ। ਬੀਤੀ ਰਾਤ ਜਦੋਂ ਪਰਮਜੀਤ ਸਿੰਘ ਰੋਟੀ ਖਾ ਰਿਹਾ ਸੀ ਤਾਂ ਕਿਸੇ ਗੱਲ ਨੂੰ ਲੈ ਕੇ ਉਸ ਦੀ ਬਲਦੇਵ ਨਾਲ ਬਹਿਸ ਹੋ ਗਈ, ਜਿਸ ਮਗਰੋਂ ਬਲਦੇਵ ਨੇ ਪਰਮਜੀਤ ਦੇ ਕੁਹਾੜੀ ਮਾਰ ਦਿੱਤੀ। ਪਿੰਡ ਵਾਸੀਆਂ ਅਨੁਸਾਰ ਮੁਲਜ਼ਮ ਕਥਿਤ ਨਸ਼ੇ ਕਰਨ ਦਾ ਆਦੀ ਹੈ। ਘਟਨਾ ਦੀ ਸੂਚਨਾ ਮਿਲਣ ਮਗਰੋਂ ਮੌਕੇ ’ਤੇ ਪਹੁੰਚੀ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੋਸਟਮਾਰਟਮ ਕਰਵਾਉਣ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।