ਰਾਮ ਸ਼ਰਨ ਸੂਦ/ਹਿਮਾਂਸ਼ੂ ਸੂਦ
ਅਮਲੋਹ/ਮੰਡੀ ਗੋਬਿੰਦਗੜ੍ਹ, 10 ਨਵੰਬਰ
ਥਾਣਾ ਅਮਲੋਹ ਦੇ ਮੁਖੀ ਸਬ-ਇੰਸਪੈਕਟਰ ਅਮਨਦੀਪ ਸਿੰਘ ਨੂੰ ਖੰਨਾ ਚੂੰਗੀ ਅਮਲੋਹ ਵਿਚ ਗਸ਼ਤ ਦੌਰਾਨ ਮੁਖ਼ਬਰ ਤੋਂ ਇਤਲਾਹ ਮਿਲੀ ਕਿ ਰਜਿੰਦਰ ਕੁਮਾਰ ਉਰਫ਼ ਬੱਲਾ ਵਾਸੀ ਖੰਨਾ ਨੇ ਗੋਦਾਮ ਵਿੱਚ ਕਾਫ਼ੀ ਮਾਤਰਾ ਵਿਚ ਆਤਿਸ਼ਬਾਜ਼ੀ ਤੇ ਪਟਾਕੇ ਬਿਨਾਂ ਕਿਸੇ ਲਾਇਸੈਂਸ ਤੋਂ ਸਟੋਰ ਕੀਤੇ ਹੋਏ ਸਨ। ਪੁਲੀਸ ਨੇ ਊਸ ਨੂੰ ਗ੍ਰਿਫ਼ਤਾਰ ਕਰਕੇ ਗੋਦਾਮ ਵਿਚੋਂ ਆਤਿਸ਼ਬਾਜ਼ੀਆਂ ਤੇ ਪਟਾਕੇ ਜ਼ਬਤ ਕਰ ਲਏ ਹਨ ਜਿਨ੍ਹਾਂ ਦੀ ਕੀਮਤ 5 ਲੱਖ ਰੁਪਏ ਦੱਸੀ ਗਈ ਹੈ। ਪੁਲੀਸ ਅਨੁਸਾਰ ਰਜਿੰਦਰ, ਖੰਨਾ ਵਿੱਚ ਰੇਲਵੇ ਰੋਡ ’ਤੇ ਆਪਣੀ ਦੁਕਾਨ ਵਿੱਚ ਪਟਾਕੇ ਵੇਚਣ ਦਾ ਕੰਮ ਕਰਦਾ ਹੈ ਅਤੇ ਗੋਦਾਮ ਵਿੱਚ ਪਟਾਕੇ ਸਟੋਰ ਕਰਨ ਲਈ ਊਸ ਕੋਲ ਲਾਇਸੈਂਸ ਨਹੀਂ ਹੈ।
ਇਸੇ ਤਰ੍ਹਾਂ ਬੀਤੇ ਦਿਨ ਥਾਣਾ ਮੰਡੀ ਗੋਬਿੰਦਗੜ੍ਹ ਦੀ ਪੁਲੀਸ ਦੇ ਸਹਾਇਕ ਥਾਣੇਦਾਰ ਬਲਜੀਤ ਸਿੰਘ ਨੂੰ ਇਤਲਾਹ ਮਿਲੀ ਕਿ ਵਿੱਦਿਆ ਨਿਧੀ ਉਰਫ਼ ਸੋਨੂੰ ਵਾਸੀ ਵਿਸ਼ਕਰਮਾ ਕਲੋਨੀ ਮੰਡੀ ਗੋਬਿੰਦਗੜ੍ਹ ਨੇ ਆਪਣੀ ਦੁਕਾਨ ਅਤੇ ਪਿੰਡ ਜੱਸੜਾ ਵਿਚ ਬਣਾਏ ਗੁਦਾਮ ਵਿੱਚ ਅਣਅਧਿਕਾਰਤ ਤੌਰ ’ਤੇ ਆਤਿਸਬਾਜ਼ੀ ਤੇ ਪਟਾਕੇ ਆਦਿ ਸਟੋਰ ਕੀਤੇ ਹੋਏ ਹਨ। ਪੁਲੀਸ ਨੇ ਵਿਦਿਆ ਨਿਧੀ ਨੂੰ ਗ੍ਰਿਫਤਾਰ ਕਰਕੇ ਉਸ ਦੀ ਦੁਕਾਨ ਅਤੇ ਗੋਦਾਮ ਵਿਚੋਂ ਪਟਾਕਿਆਂ ਦੇ 73 ਬਾਕਸ ਬਰਾਮਦ ਕੀਤੇ ਹਨ।