ਬੀ.ਐਸ.ਚਾਨਾ
ਸ੍ਰੀ ਆਨੰਦਪੁਰ ਸਾਹਿਬ, 18 ਸਤੰਬਰ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਹੋਈ ਬੇਅਦਬੀ ਸਬੰਧੀ ਪੰਥਕ ਵਿਚਾਰਾਂ ਅਤੇ ਗੁਰੂ ਗ੍ਰੰਥ ਸਾਹਿਬ ਦੇ ਅਦਬ ਤੇ ਸੁਰੱਖਿਆ ਦੀ ਬਹਾਲੀ ਲਈ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਪੰਥਕ ਸੰਪਰਦਾਵਾਂ ਤੇ ਜਥੇਬੰਦੀਆਂ ਨਾਲ ਇਕੱਤਰਤਾ ਕੀਤੀ ਗਈ। ਇਸ ਇਕੱਤਰਤਾ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਮੂਲੀਅਤ ਕੀਤੀ। ਜਥੇਦਾਰ ਰਘਬੀਰ ਸਿੰਘ ਨੇ ਆਖਿਆ ਕਿ ਜੇ ਪੁਲੀਸ ਵੱਲੋਂ 21 ਸੰਤਬਰ ਤੱਕ ਮੁਲਜ਼ਮ ਦੇ ਰਿਮਾਂਡ ਦੌਰਾਨ ਬੇਅਦਬੀ ਪਿਛਲੀ ਸਾਜ਼ਿਸ਼ ਅਤੇ ਇਸ ਦਾ ਮਕਸਦ ਸਾਹਮਣੇ ਨਾ ਲਿਆਂਦਾ ਗਿਆ ਤਾਂ ਉਹ ਸਮੁੱਚੇ ਪੰਥ ਦੀਆਂ ਸੰਪਰਦਾਵਾਂ ਅਤੇ ਜਥੇਬੰਦੀਆਂ ਦੇ ਸਹਿਯੋਗ ਖਾਲਸਾ ਪੰਥ ਦੀਆਂ ਰਵਾਇਤਾਂ ਅਨੁਸਾਰ ਇਨਸਾਫ ਲੈਣਗੇ। ਉਨ੍ਹਾਂ ਦੱਸਿਆ ਕਿ ਭਲਕੇ 19 ਸਤੰਬਰ ਨੂੰ ਇਸ ਮਾਮਲੇ ਸਬੰਧੀ ਅਕਾਲ ਤਖ਼ਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵੀ ਬੁਲਾਈ ਗਈ ਹੈ।
ਇਸ ਮੌਕੇ ਪਾਸ ਕੀਤੇ ਗਏ ਇੱਕ ਮਤੇ ਵਿੱਚ ਕਿਹਾ ਗਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਮਾਮਲੇ ਪਿੱਛੇ ਡੇਰਾ ਸਿਰਸਾ ਦਾ ਹੱਥ ਹੋਣ ਬਾਰੇ ਸਪੱਸ਼ਟ ਹੋ ਚੁੱਕਾ ਹੈ। ਉਨ੍ਹਾਂ ਡੇਰਾ ਸਿਰਸਾ ਨੂੰ ਸਿੱਖਾਂ ਦਾ ਦੁਸ਼ਮਣ ਕਰਾਰ ਦਿੰਦਿਆਂ ਪੰਜਾਬ ਸਰਕਾਰ ਕੋਲੋਂ ਸੂਬੇ ’ਚੋਂ ਇਨ੍ਹਾਂ ਦੇ ਡੇਰੇ ਬੰਦ ਕਰਵਾਉਣ ਦੀ ਮੰਗ ਕੀਤੀ। ਬਾਬਾ ਬਲਬੀਰ ਸਿੰਘ ਨੇ ਮੁਲਜ਼ਮਾਂ ਨੂੰ ਰਵਾਇਤੀ ਸਜ਼ਾਵਾਂ ਦੇਣ ਦੀ ਮੰਗ ਕੀਤੀ। ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਨੇ ਗੁਰਦੁਆਰਿਆਂ ਦੇ ਪ੍ਰਬੰਧਾਂ ਨੂੰ ਵਧੇਰੇ ਚੌਕਸ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਹਰ ਤਰ੍ਹਾਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਕਿਹਾ ਕਿ ਸਰਕਾਰ ਦਾ ਜਾਂਚ ਤੰਤਰ ਗੋਂਗਲੂਆਂ ਤੋਂ ਮਿੱਟੀ ਝਾੜ ਕੇ ਮੁਲਜ਼ਮ ਨੂੰ ਫਿਰ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਹੋਣ ਦੇ ਖਾਤੇ ’ਚ ਪਾ ਕੇ ਡੇਰਾ ਸਿਰਸਾ ਦੀ ਪ੍ਰਤੱਖ ਸ਼ਮੂਲੀਅਤ ਨੂੰ ਮੋੜਾ ਦੇਣਾ ਚਾਹੁੰਦਾ ਹੈ।
ਸ਼੍ਰੋਮਣੀ ਕਮੇਟੀ ਨੇ ਮੁਲਜ਼ਮ ਦਾ ਨਾਰਕੋ ਟੈਸਟ ਮੰਗਿਆ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਹੋਈ ਬੇਅਦਬੀ ਦੇ ਮੁਲਜ਼ਮ ਦਾ ਨਾਰਕੋ ਟੈਸਟ ਅਤੇ ਬਰੇਨ ਮੈਪਿੰਗ ਕਰਵਾ ਕੇ ਘਟਨਾ ਦੀ ਸਚਾਈ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਉਨ੍ਹਾਂ ਮੁੱਖ ਮੰਤਰੀ ਅਤੇ ਡੀਜੀਪੀ ਨੂੰ ਪੱਤਰ ਵੀ ਭੇਜਿਆ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਇਸ ਮਾਮਲੇ ’ਚ ਲਾਪ੍ਰਵਾਹੀ ਵਰਤੀ ਜਾ ਰਹੀ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀ ਦੇ ਡੇਰਾ ਸਿਰਸਾ ਨਾਲ ਸਬੰਧਾਂ ਦੀ ਸਚਾਈ ਸਾਹਮਣੇ ਆਉਣ ਦੇ ਬਾਵਜੂਦ ਸਾਜ਼ਿਸ਼ਘਾੜਿਆਂ ਨੂੰ ਸਾਹਮਣੇ ਨਹੀਂ ਲਿਆਂਦਾ ਜਾ ਰਿਹਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਇਸ ਸਬੰਧੀ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਸ਼੍ਰੋਮਣੀ ਕਮੇਟੀ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਵੇਗੀ। ਇਸੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ ਵਿੱਚ ਪੁਲੀਸ ਦੀ ਵਿਸ਼ੇਸ਼ ਡਿਊਟੀ ਲਾਉਣ ਸਬੰਧੀ ਭੇਜੇ ਗਏ ਇੱਕ ਪੱਤਰ ਬਾਰੇ ਪੁੱਛਣ ’ਤੇ ਬੀਬੀ ਜਗੀਰ ਕੌਰ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਹੈ ਕਿ ਉਨ੍ਹਾਂ ਨੂੰ ਇਸ ਪੱਤਰ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਹ ਪੱਤਰ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਵੱਲੋਂ ਪੁਲੀਸ ਕਮਿਸ਼ਨਰ ਨੂੰ ਭੇਜਿਆ ਗਿਆ ਹੈ, ਜਿਸ ਦੀ ਇਕ ਕਾਪੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਨੂੰ ਵੀ ਭੇਜੀ ਗਈ ਹੈ।
ਡੂੰਘਾਈ ਨਾਲ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਂਚ: ਪੁਲੀਸ
ਰੂਪਨਗਰ (ਬਹਾਦਰਜੀਤ ਸਿੰਘ): ਇੱਥੋਂ ਦੀ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਹੋਈ ਬੇਅਦਬੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਐੱਸਪੀ(ਡੀ) ਅਜਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਵਿਸ਼ੇਸ਼ ਜਾਂਚ ਟੀਮ ਬਣਾ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਤਫਤੀਸ਼ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਪਰਮਜੀਤ ਸਿੰਘ ਨੇ ਪਹਿਲਾਂ ਵੀ ਕਿਸੇ ਡੇਰੇ ’ਚ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਪੰਜ ਸਤੰਬਰ ਨੂੰ ਮੁਲਜ਼ਮ ਲੁਧਿਆਣਾ ਦੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਗਿਆ ਸੀ, ਜਿੱਥੇ ਉਸ ਨੇ ਅੰਮ੍ਰਿਤ ਛਕ ਲਿਆ ਸੀ। ਤਫਤੀਸ਼ ਦੌਰਾਨ ਮੁਲਜ਼ਮ ਦੇ ਡਾਕਟਰੀ ਇਲਾਜ ਦਾ ਰਿਕਾਰਡ ਵੀ ਮਿਲਿਆ ਹੈ, ਜਿਸ ਅਨੁਸਾਰ ਮੁਲਜ਼ਮ ਮਾਨਸਿਕ ਬਿਮਾਰੀ ਤੋਂ ਪੀੜਤ ਹੈ।
ਸੁਖਬੀਰ, ਹਰਸਿਮਰਤ ਤੇ ਕੈਪਟਨ ਚੁੱਪ ਕਿਉਂ: ਬੀਰ ਦਵਿੰਦਰ ਸਿੰਘ
ਸ੍ਰੀ ਆਨੰਦਪੁਰ ਸਾਹਿਬ: ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ’ਚ ਬੇਅਦਬੀ ਦੀ ਘਟਨਾ ਵਾਪਰੀ ਨੂੰ ਅੱਜ ਪੰਜ ਦਿਨ ਹੋ ਗਏ ਹਨ ਪਰ ਇਸ ਮਾਮਲੇ ’ਤੇ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ ਚੁੱਪ ਧਾਰੀ ਹੋਈ ਹੈ। ਇਨ੍ਹਾਂ ਤਾਂ ਇਸ ਘਟਨਾ ਦੀ ਨਿਖੇਧੀ ਵੀ ਨਹੀਂ ਕੀਤੀ। ਸਿਆਸੀ ਆਗੂਆਂ ਦੀ ਚੁੱਪ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੀ ਹੈ।