ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 27 ਫ਼ਰਵਰੀ
ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਦੀ ਵਿਸ਼ੇਸ਼ ਮੀਟਿੰਗ ਅਕਾਦਮੀ ਪ੍ਰਧਾਨ ਰਮੇਸ਼ ਯਾਦਵ ਦੀ ਪ੍ਰਧਾਨਗੀ ਹੇਠ ਹੋਈ। ਅਕਾਦਮੀ ਮੈਂਬਰਾਂ ਨੇ ਰੂਸ ਵੱਲੋਂ ਯੂਕਰੇਨ ’ਤੇ ਵੱਡੀ ਪੱਧਰ ’ਤੇ ਕੀਤੇ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਰੂਸ, ਯੂਕਰੇਨ ਵਿੱਚ ਰਾਜ ਪਲਟਾ ਕਰਵਾ ਕੇ ਉੱਥੇ ਆਪਣੀ ਮਨਮਰਜ਼ੀ ਦੀ ਸਰਕਾਰ ਬਣਾਉਣਾ ਚਾਹੁੰਦਾ ਹੈ। ਭਾਰਤ ਦੇ ਹਜ਼ਾਰਾਂ ਨਾਗਰਿਕ ਅਤੇ ਵਿਦਿਆਰਥੀ ਯੂਕਰੇਨ ਵਿੱਚ ਫਸੇ ਹੋਏ ਹਨ, ਜੋ ਵਾਰ-ਵਾਰ ਇੰਟਰਨੈੱਟ ਰਾਹੀਂ ਭਾਰਤ ਦੀ ਸਰਕਾਰ ਕੋਲੋਂ ਉਨ੍ਹਾਂ ਨੂੰ ਉੱਥੋਂ ਸੁਰੱਖਿਅਤ ਕੱਢਣ ਦੀ ਗੁਹਾਰ ਲਗਾ ਰਹੇ ਹਨ। ਇਸ ਮੌਕੇ ਫੋਕਲੋਰ ਰਿਸਰਚ ਅਕਾਦਮੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਵਿੱਚ ਫਸੇ ਹਜ਼ਾਰਾਂ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਛੇਤੀ ਤੋਂ ਛੇਤੀ ਵਾਪਸ ਭਾਰਤ ਲਿਆਉਣ ਲਈ ਪ੍ਰਭਾਵਸ਼ਾਲੀ ਕਾਰਵਾਈ ਕਰਨ ਅਤੇ ਕੌਮਾਂਤਰੀ ਭਾਈਚਾਰੇ ਨੂੰ ਇਸ ਮਾਮਲੇ ਵਿੱਚ ਦਖ਼ਲ ਦੇ ਕੇ ਰੂਸ ਅਤੇ ਯੂਕਰੇਨ ਵਿਚਕਾਰ ਅਮਨ ਦੀ ਬਹਾਲੀ ਕਰਵਾਉਣ। ਉਨ੍ਹਾਂ ਕਿਹਾ ਕਿ ਦੁਨੀਆਂ ਨੂੰ ਜੰਗ ਨਹੀਂ ਅਮਨ ਦੀ ਜ਼ਰੂਰਤ ਹੈ। ਜੰਗ ਕਿਸੇ ਮਸਲੇ ਦਾ ਹੱਲ ਨਹੀਂ, ਮਸਲਾ ਆਪਸੀ ਗੱਲਬਾਤ ਰਾਹੀਂ ਨਿਪਟਾਇਆ ਜਾ ਸਕਦਾ ਹੈ। ਇਸ ਮੌਕੇ ਮੀਟਿੰਗ ਵਿੱਚ ਕਮਲ ਗਿੱਲ, ਕਰਮਜੀਤ ਕੌਰ ਜੱਸਲ, ਸਤੀਸ਼ ਝੀਂਗਣ, ਮਨਜੀਤ ਸਿੰਘ ਧਾਲੀਵਾਲ, ਦਿਲਬਾਗ ਸਿੰਘ ਸਰਕਾਰੀਆ, ਜਸਵੰਤ ਸਿੰਘ ਰੰਧਾਵਾ, ਕਿਰਪਾਲ ਸਿੰਘ, ਗੁਰਪ੍ਰੀਤ ਸਿੰਘ ਕੱਦਗਿੱਲ, ਦਵਿੰਦਰ ਕੌਰ, ਗੁਰਜਿੰਦਰ ਬਘਿਆੜੀ, ਸੁਰਿੰਦਰ ਕੌਰ, ਗੁਰਪਾਲ ਸਿੰਘ, ਪ੍ਰਿੰਸੀਪਲ ਆਸ਼ਾ ਭਾਟੀਆ, ਅਮਰਜੀਤ ਕੌਰ, ਮੀਨੂੰ ਸ਼ਰਮਾ, ਪੂਜਾ ਸ਼ਰਮਾ, ਜਯੋਤੀ ਸੇਠੀ, ਮੀਨੂੰ ਮਹਾਜਨ, ਜਗਰੂਪ ਸਿੰਘ ਆਦਿ ਵੀ ਹਾਜ਼ਰ ਸਨ।