ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 13 ਜੁਲਾਈ
ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂਜੀਸੀ) ਨੇ ਅੱਜ ’ਵਰਸਿਟੀਆਂ ਦੇ ਵਾਈਸ ਚਾਂਸਲਰਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਅੰਡਰ ਗਰੈਜੂਏਟ ਕੋਰਸਾਂ ਵਿੱਚ ਦਾਖ਼ਲਿਆਂ ਦੀ ਅੰਤਿਮ ਮਿਤੀ ਸੀਬੀਐੱਸਈ ਦੇ ਨਤੀਜਿਆਂ ਤੋਂ ਬਾਅਦ ਹੀ ਜਾਰੀ ਕਰਨ ਤਾਂ ਕਿ ਕਿਸੇ ਵੀ ਵਿਦਿਆਰਥੀ ਨੂੰ ਦਾਖ਼ਲੇ ਤੋਂ ਵਾਂਝਾ ਨਾ ਰਹਿਣਾ ਪਵੇ। ਇਸ ਤੋਂ ਪਹਿਲਾਂ 9 ਜੁਲਾਈ ਨੂੰ ਸੀਬੀਐੱਸਈ ਨੇ ਯੂਜੀਸੀ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਸੀ ਕਿ ਉਹ ’ਵਰਸਿਟੀਆਂ ਨੂੰ ਹਦਾਇਤ ਜਾਰੀ ਕਰੇ ਕਿ ਬੋਰਡ ਦੇ ਨਤੀਜਿਆਂ ਦੇ ਜਾਰੀ ਹੋਣ ਦੇ ਆਧਾਰ ’ਤੇ ਦਾਖ਼ਲਾ ਸਾਰਣੀ ਦੀ ਅੰਤਿਮ ਮਿਤੀ ਤੈਅ ਕੀਤੀ ਜਾਵੇ। ਵਿਦਿਆਰਥੀਆਂ ਨੇ ਇਸ ਸਬੰਧੀ ਸ਼ਿਕਾਇਤਾਂ ਕੀਤੀਆਂ ਸਨ ਕਿ ਕਈ ’ਵਰਸਿਟੀਆਂ ਨੇ ਦਾਖ਼ਲਿਆਂ ਸਬੰਧੀ ਸਾਰਣੀ ਜਾਰੀ ਕਰ ਦਿੱਤੀ ਹੈ, ਜਿਸ ਵਿੱਚ ਦਾਖ਼ਲਾ ਭਰਨ ਦੀ ਅੰਤਿਮ ਮਿਤੀ 20 ਤੋਂ 30 ਜੁਲਾਈ ਨਿਰਧਾਰਤ ਕੀਤੀ ਗਈ ਹੈ।
ਯੂਜੀਸੀ ਦੇ ਚੇਅਰਮੈਨ ਜਗਦੀਸ਼ ਕੁਮਾਰ ਨੇ ਅੱਜ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ’ਵਰਸਿਟੀਆਂ ਨੂੰ ਹਦਾਇਤ ਜਾਰੀ ਕਰ ਦਿੱਤੀ ਹੈ ਕਿ ਵਿਦਿਆਰਥੀਆਂ ਦੀ ਸਮੱਸਿਆ ਹੱਲ ਕੀਤੀ ਜਾਵੇ ਤੇ ਅੰਤਿਮ ਮਿਤੀ ਸੀਬੀਐੱਸਈ ਬੋਰਡ ਜਮਾਤਾਂ ਦੇ ਨਤੀਜੇ ਜਾਰੀ ਹੋਣ ਤੋਂ ਬਾਅਦ ਤੈਅ ਕੀਤੀ ਜਾਵੇ। ਦੱਸਣਯੋਗ ਹੈ ਕਿ ਸੀਬੀਐੱਸਈ ਦੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਨਤੀਜੇ ਜਾਰੀ ਨਹੀਂ ਹੋਏ ਪਰ ਇਹ ਚਰਚੇ ਹਨ ਕਿ ਇਹ ਨਤੀਜੇ ਜੁਲਾਈ ਦੇ ਆਖ਼ਰੀ ਹਫ਼ਤੇ ਜਾਰੀ ਹੋਣਗੇ। ਸੀਬੀਐੱਸਈ ਮੁਹਾਲੀ ਖੇਤਰੀ ਦਫ਼ਤਰ ਦੇ ਅਧਿਕਾਰੀ ਨੇ ਦੱਸਿਆ ਕਿ ਬੋਰਡ ਦੀਆਂ ਦੋਵੇਂ ਜਮਾਤਾਂ ਦੀਆਂ ਟਰਮ-1 ਦੇ ਨਤੀਜੇ ਸਕੂਲਾਂ ਨੂੰ ਭੇਜ ਦਿੱਤੇ ਗਏ ਹਨ ਤੇ ਇਸ ਵੇਲੇ ਟਰਮ-2 ਦੇ ਨਤੀਜੇ ਤਿਆਰ ਕੀਤੇ ਜਾ ਰਹੇ ਹਨ, ਜਿਸ ਦਾ ਕੰਮ ਮੁਕੰਮਲ ਹੋਣ ਵਾਲਾ ਹੈ।