ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 17 ਜੁਲਾਈ
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਇੱਥੇ ਸੂਬਾ ਪੱਧਰੀ ਮੀਟਿੰਗ ਦੌਰਾਨ ਗੱਲਬਾਤ ਦੌਰਾਨ ਕਿਹਾ ਕਿ ਦਿੱਲੀ ਵਿੱਚ 12 ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਗੈਰ-ਸਿਆਸੀ ਜਥੇਬੰਦੀਆਂ ਨਾਲ ਹੋਈ ਮੀਟਿੰਗ ਵਿੱਚ ਅਹਿਮ ਫ਼ੈਸਲੇ ਲਏ ਗਏ ਸਨ।
ਉਨ੍ਹਾਂ ਦੱਸਿਆ ਕਿ 60 ਕਿਸਾਨ ਜਥੇਬੰਦੀਆਂ ਨੇ ਫ਼ੈਸਲਾ ਲਿਆ ਹੈ ਕਿ ਸੜਕਾਂ ਜਾਮ ਕਰਨ ਦੀ ਥਾਂ ਕੰਬੋਜ ਬਰਾਦਰੀ ਦੇ ਸੁਝਾਅ ’ਤੇ 31 ਜੁਲਾਈ ਨੂੰ ਸੁਨਾਮ ਵਿੱਚ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਸਬੰਧੀ ਸਮਾਗਮ ਕਰਵਾਇਆ ਜਾਵੇਗਾ। ਡੱਲੇਵਾਲ ਨੇ ਵਾਅਦੇ ਮੁਤਾਬਕ ਸੂਬਾ ਸਰਕਾਰ ਵੱਲੋਂ 17 ਜੁਲਾਈ ਤੱਕ ਗੰਨਾ ਕਾਸ਼ਤਕਾਰਾਂ ਦੀ ਬਕਾਇਆ ਰਕਮ ਜਾਰੀ ਨਾ ਕੀਤੇ ਜਾਣ ’ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਵੀ ਦਿੱਤੀ। ਉਨ੍ਹਾਂ ਪੰਜਾਬ ਦੀਆਂ ਨਹਿਰਾਂ ਵਿੱਚ ਜਲਦੀ ਪਾਣੀ ਛੱਡਣ ਦੀ ਮੰਗ ਕੀਤੀ। ਇਸ ਮੌਕੇ ਕਾਕਾ ਸਿੰਘ ਕੋਟੜਾ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸਿੱਧੂ, ਮਾਨ ਸਿੰਘ ਰਾਜਪੁਰਾ, ਮਿਹਰ ਸਿੰਘ ਥੇਹੜੀ ਸਮੇਤ 18 ਜ਼ਿਲ੍ਹਿਆਂ ਦੇ ਅਹੁਦੇਦਾਰ ਮੌਜੂਦ ਸਨ।