ਜਗਮੋਹਨ ਸਿੰਘ/ਬੀ ਐਸ ਚਾਨਾ
ਘਨੌਲੀ/ਆਨੰਦਪੁਰ ਸਾਹਿਬ, 28 ਜੁਲਾਈ
ਕਸਬਾ ਭਰਤਗੜ੍ਹ ਵਿਚ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਾਅਲੀ ਫੇਸਬੁੱਕ ਆਈ.ਡੀ. ਰਾਹੀਂ ਜੇਕਰ ਕੋਈ ਵਿਅਕਤੀ ਕਿਸੇ ਤਰ੍ਹਾਂ ਦੀ ਪੋਸਟ ਪਾਉਂਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ ਪਰ ਸਹੀ ਫੇਸਬੁੱਕ ਆਈਡੀ ਰਾਹੀਂ ਵਿਚਾਰ ਪ੍ਰਗਟਾਉਣ ਦੀ ਹਰ ਵਿਅਕਤੀ ਨੂੰ ਖੁੱਲ੍ਹ ਹੋਣੀ ਚਾਹੀਦੀ ਹੈ। ਗਗਨਦੀਪ ਸਿੰਘ ਨੇ ਕੋਈ ਵੀ ਗੁਨਾਹ ਨਹੀਂ ਕੀਤਾ ਬਲਕਿ ਉਸ ਨੇ ਫੇਸਬੁੱਕ ਰਾਹੀਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਕੇ ਸੱਚ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਰਕਾਰ ਵਲੋਂ ਸੂਬੇ ਅੰਦਰ ਨਗਰ ਕੌਂਸਲ ਚੋਣਾਂ ਕਰਵਾਉਣ ਦੇ ਦਿੱਤੇ ਜਾ ਰਹੇ ਬਿਆਨਾਂ ਸਬੰਧੀ ਸ੍ਰੀ ਚੀਮਾ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਕਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਮਾਹੌਲ ਠੀਕ ਹੋਣ ਉਪਰੰਤ ਹੀ ਚੋਣਾਂ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਤੱਥਾਂ ਦੇ ਆਧਾਰ ’ਤੇ ਜੇ ਕੋਈ ਜਾਣਕਾਰੀ ਸੋਸ਼ਲ ਮੀਡੀਆ ਉੱਤੇ ਸਾਂਝੀ ਹੁੰਦੀ ਹੈ ਤਾਂ ਉਸ ਨੂੰ ਵੀ ਪਰਚਿਆਂ ਨਾਲ ਨਹੀਂ ਦਬਾਇਆ ਜਾਣਾ ਚਾਹੀਦਾ।
ਇਸ ਮੌਕੇ ਪਾਰਟੀ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਪੰਜਾਬ ਅੰਦਰ ਮਾਈਨਿੰਗ ਤੇ ਨਸ਼ਾ ਮਾਫੀਆ ਵਧ ਗਿਆ ਹੈ ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਸਰਕਾਰ ਕਾਬੂ ਕਰਨ ਵਿਚ ਨਾਕਾਮ ਸਿੱਧ ਹੋਈ ਹੈ। ਇਸ ਕਰ ਕੇ ਉਨ੍ਹਾਂ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਹੱਦੀ ਇਲਾਕਿਆਂ ’ਚ ਨਾਜਾਇਜ਼ ਮਾਈਨਿੰਗ ਧੜੱਲੇ ਨਾਲ ਹੋ ਰਹੀ ਹੈ। ਇਸ ਮੌਕੇ ਨਰਿੰਦਰ ਸਿੰਘ ਸ਼ੇਰਗਿੱਲ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਕੁਲਤਾਰ ਸਿੰਘ ਸੰਧਵਾਂ ਹਾਜ਼ਰ ਸਨ।