ਰਾਜਵਿੰਦਰ ਸਿੰਘ ਰੌਂਤਾ
ਨਿਹਾਲ ਸਿੰਘ ਵਾਲਾ/ਮੋਗਾ, 21 ਅਗਸਤ
ਮੋਗਾ ਦੇ ਗੋਧੇਵਾਲਾ ਦੇ ਸਟੇਡੀਅਮ ਦੀ ਲੜਕੀ ਨੂੰ ਛੱਤ ਤੋਂ ਸੁੱਟਣ ਅਤੇ ਜ਼ਬਰਦਸਤੀ ਦੀ ਕੋਸ਼ਿਸ਼ ਮਾਮਲੇ ਵਿੱਚ
ਅੱਠ ਦਿਨਾਂ ਬਾਅਦ ਮੋਗਾ ਪੁਲੀਸ ਨੇ ਦੋ ਲੜਕਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਇੱਕ ਜਣੇ ਨੇ ਬੀਤੇ ਦਿਨ ਅਦਾਲਤ ਵਿੱਚ ਆਤਮ-ਸਮਰਪਣ ਕਰ ਦਿੱਤਾ ਸੀ।
ਇਸ ਸਬੰਧੀ ਡੀਐੱਸਪੀ ਦਮਨਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਦੀਆਂ ਵਿਸ਼ੇਸ਼ ਟੀਮਾਂ ਨੇ ਲੜਕੀ ਦੇ ਪਿਤਾ ਸ਼ਿਵ ਨਾਥ ਦੇ ਬਿਆਨਾਂ ਅਨੁਸਾਰ ਕਾਰਵਾਈ ਕਰਦਿਆਂ ਜਤਿਨ ਕੰਡਾ ਅਤੇ ਰਮਨਦੀਪ ਸਿੰਘ ਨੂੰ ਚੜਿਕ ਰੋਡ ਤੋਂ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੇ ਤੀਜੇ ਸਾਥੀ ਨੇ ਬੀਤੇ ਦਿਨ ਅਦਾਲਤ ਵਿੱਚ ਆਤਮ-ਸਮਰਪਣ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਉਸ ਨੂੰ ਨਾਬਾਲਗ ਹੋਣ ਕਾਰਨ ਫ਼ਰੀਦਕੋਟ ਦੇ ਬਾਲ ਸੁਧਾਰ ਘਰ ਵਿੱਚ ਭੇਜਿਆ ਗਿਆ ਹੈ। ਜਤਿਨ ਅਤੇ ਰਮਨ ਦਾ ਪੁਲੀਸ ਨੇ ਤਿੰਨ ਰੋਜ਼ਾ ਰਿਮਾਂਡ ਲਿਆ ਹੈ।
ਜ਼ਿਕਰਯੋਗ ਹੈ ਕਿ ਪੀੜਤ ਲੜਕੀ ਬਾਸਕਟਬਾਲ ਦੀ ਸੂਬਾ ਪੱਧਰੀ ਖਿਡਾਰਨ ਹੈ। ਸ਼ਿਕਾਇਤ ਅਨੁਸਾਰ 12 ਅਗਸਤ ਨੂੰ ਉਸ ਦੇ ਦੋਸਤ ਜਤਿਨ ਨੇ ਉਸ ਨੂੰ ਫੋਨ ਕਰ ਕੇ ਸਟੇਡੀਅਮ ਬੁਲਾਇਆ ਸੀ। ਇਸ ਦੌਰਾਨ ਜਤਿਨ ਤੇ ਉਸ ਦੇ ਦੋ ਦੋਸਤਾਂ ਨੇ ਲੜਕੀ ਤੋਂ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਤੇ ਕੁੱਟ-ਮਾਰ ਕੀਤੀ। ਉਨ੍ਹਾਂ ਨੇ ਉਸ ਨਾਲ ਜ਼ਬਰਦਸਤੀ ਦੀ ਕੋਸ਼ਿਸ਼ ਵੀ ਕੀਤੀ। ਸ਼ਿਕਾਇਤ ਅਨੁਸਾਰ ਇਸ ਮਗਰੋਂ ਉਨ੍ਹਾਂ ਨੇ ਲੜਕੀ ਨੂੰ ਸਟੇਡੀਅਮ ਦੀ ਛੱਤ ਤੋਂ ਹੇਠਾਂ ਧੱਕਾ ਦੇ ਦਿੱਤਾ। ਜ਼ਖ਼ਮੀ ਹਾਲਤ ਵਿੱਚ ਲੜਕੀ ਨੂੰ ਉੱਥੇ ਮੌਜੂਦ ਨੌਜਵਾਨਾਂ ਨੇ ਹਸਪਤਾਲ ’ਚ ਭਰਤੀ ਕਰਵਾਇਆ ਸੀ। ਲੜਕੀ ਹੁਣ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।