ਦਰਸ਼ਨ ਸਿੰਘ ਸੋਢੀ
ਐੱਸ.ਏ.ਐਸ. ਨਗਰ (ਮੁਹਾਲੀ), 9 ਅਕਤੂਬਰ
ਮੁਹਾਲੀ ਕੌਮਾਂਤਰੀ ਏਅਰਪੋਰਟ ਚੌਕ ਨੇੜੇ ਮੁਹਾਲੀ ਸਿਟੀ ਸੈਂਟਰ ਪ੍ਰਾਜੈਕਟ ਤਹਿਤ ਉਸਾਰੀ ਅਧੀਨ ਇਮਾਰਤ ਦੀ ਬੇਸਮੈਂਟ ਪੁੱਟਦੇ ਸਮੇਂ ਅਚਾਨਕ ਮਿੱਟੀ ਦੀ ਇੱਕ ਢਿੱਗ ਡਿੱਗਣ ਕਾਰਨ ਪੰਜ ਮਜ਼ਦੂਰ ਮਲਬੇ ਹੇਠ ਦੱਬ ਗਏ। ਮੌਕੇ ’ਤੇ ਆਰੰਭੇ ਗਏ ਬਚਾਲ ਕਾਰਜਾਂ ਦੌਰਾਨ ਪੰਜੇ ਮਜ਼ਦੂਰਾਂ ਨੂੰ ਮਲਬੇ ਹੇਠੋਂ ਕੱਢ ਲਿਆ ਗਿਆ ਹੈ, ਜਿਨ੍ਹਾਂ ’ਚੋਂ ਦੋ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਦੋ ਮਜ਼ਦੂਰਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਇੱਕ ਮਜ਼ਦੂਰ ਨੂੰ ਮਾਮੂਲੀ ਸੱਟਾਂ ਆਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਵਿੱਚ ਮਾਰੇ ਗਏ ਮਜ਼ਦੂਰਾਂ ਪਛਾਣ ਸ਼ੰਕਰ ਮਾਝੀ ਤੇ ਵਰਿੰਦਰ ਸਾਹਨੀ ਦੋਵੇਂ ਵਾਸੀ ਬਿਹਾਰ ਵਜੋਂ ਹੋਈ ਹੈ। ਜ਼ਖ਼ਮੀ ਆਜ਼ਾਦ ਕੁਮਾਰ ਨੂੰ ਮੈਕਸ ਹਸਪਤਾਲ ਮੁਹਾਲੀ ਤੇ ਮਹਿੰਦਰ ਧੋਨੀ ਨੂੰ ਸੈਕਟਰ-32, ਚੰਡੀਗੜ੍ਹ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਦੋਵਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੰਜਵੇਂ ਮਜ਼ਦੂਰ ਨੰਦ ਲਾਲ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿਸ ਨੂੰ ਸਭ ਤੋਂ ਪਹਿਲਾਂ ਬਾਹਰ ਕੱਢ ਲਿਆ ਗਿਆ ਸੀ।
ਇਹ ਘਟਨਾ ਐਤਵਾਰ ਦੇਰ ਸ਼ਾਮ ਨੂੰ ਵਾਪਰੀ। ਇਸ ਸਬੰਧੀ ਨਿਰਮਾਣ ਕੰਪਨੀ ਨੇ ਪੁਲੀਸ ਜਾਂ ਸਿਵਲ ਪ੍ਰਸ਼ਾਸਨ ਨੂੰ ਇਤਲਾਹ ਨਹੀਂ ਦਿੱਤੀ ਬਲਕਿ ਆਪਣੇ ਪੱਧਰ ’ਤੇ ਹੀ ਬਚਾਅ ਕਾਰਜਾਂ ਵਿੱਚ ਜੁਟ ਗਏ। ਮੀਡੀਆ ਦੀ ਸੂਚਨਾ ਮਿਲਦਿਆਂ ਹੀ ਸੋਹਾਣਾ ਥਾਣੇ ਦੇ ਵਧੀਕ ਐੱਸਐੱਚਓ ਸਬ-ਇੰਸਪੈਕਟਰ ਬਰਮਾ ਸਿੰਘ ਤੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਕੇ ’ਤੇ ਪਹੁੰਚੇ ਤੇ ਘਟਨਾ ਦਾ ਜਾਇਜ਼ਾ ਲਿਆ। ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਮਜ਼ਦੂਰਾਂ ਨੂੰ ਮਲਬੇ ਹੇਠੋਂ ਕੱਢਣ ਦੇ ਯਤਨ ਜਾਰੀ ਸਨ। ਬਾਅਦ ਵਿੱਚ ਮੁਹਾਲੀ ਦੇ ਨਾਇਬ ਤਹਿਸੀਲਦਾਰ ਅਰਜਨ ਸਿੰਘ ਗਰੇਵਾਲ ਤੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਵੀ ਮੌਕੇ ਪਹੁੰਚ ਗਏ। ਮਿਲੀ ਜਾਣਕਾਰੀ ਅਨੁਸਾਰ ਮੁਹਾਲੀ ਕੌਮਾਂਤਰੀ ਏਅਰਪੋਰਟ ਦੇ ਆਲੇ ਦੁਆਲੇ ਵੱਡੀ ਮਾਤਰਾ ਵਿੱਚ ਵਸੋਂ ਹੋ ਗਈ ਹੈ। ਗਮਾਡਾ ਵੱਲੋਂ ਐਰੋਸਿਟੀ ਅਤੇ ਜਨਤਾ ਲੈਂਡ ਪ੍ਰਮੋਟਰਜ਼ ਵੱਲੋਂ ਸੈਕਟਰ-82 ਵਸਾਇਆ ਗਿਆ ਤੇ ਸਨਅਤੀ ਸੈਕਟਰ ਵਿਕਸਤ ਕੀਤਾ ਗਿਆ ਹੈ। ਅੱਜ ਵੀ ਇਮਾਰਤ ਦੇ ਇੱਕ ਹਿੱਸੇ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਸੀ ਕਿ ਦੇਰ ਸ਼ਾਮ ਇੱਕ ਇਮਾਰਤ ਦੀ ਬੇਸਮੈਂਟ ਪੁੱਟਣ ਸਮੇਂ ਅਚਾਨਕ ਮਜ਼ਦੂਰਾਂ ’ਤੇ ਮਿੱਟੀ ਦੀ ਵੱਡੀ ਢਿੱਗ ਡਿੱਗ ਗਈ। ਜਾਂਚ ਅਧਿਕਾਰੀ ਬਰਮਾ ਸਿੰਘ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਜ਼ਖ਼ਮੀ ਮਜ਼ਦੂਰਾਂ ਦੇ ਬਿਆਨ ਦਰਜ ਕਰਨ ਤੇ ਮੁੱਢਲੀ ਜਾਂਚ ਮਗਰੋਂ ਕਾਰਵਾਈ ਕੀਤੀ ਜਾਵੇਗੀ।