ਜਗਤਾਰ ਅਨਜਾਣ
ਮੌੜ ਮੰਡੀ, 5 ਸਤੰਬਰ
ਭਾਰਤ ਸਰਕਾਰ ਦੇ ਪੰਚਾਇਤੀ ਰਾਜ ਮੰਤਰਾਲੇ ਵੱਲੋਂ ਕੇਰਲਾ ਵਿੱਚ ਕਰਵਾਈ ਗਈ ਦੋ ਰੋਜ਼ਾ ਕੌਮੀ ਕਾਨਫਰੰਸ ਵਿੱਚ ਪੰਜਾਬ ਤੋਂ ਪਿੰਡ ਮਾਣਕ ਖਾਨਾ ਦੀ ਸਰਪੰਚ ਸੈਸ਼ਨਦੀਪ ਕੌਰ ਤੇ ਪਿੰਡ ਮਹਿਮਾ ਭਗਵਾਨਾ ਦੀ ਸਰਪੰਚ ਕੁਲਵਿੰਦਰ ਕੌਰ ਵੀ ਸ਼ਾਮਲ ਹੋਈਆਂ। ਇਸ ਮੌਕੇ ਦੋਵੇਂ ਮਹਿਲਾ ਸਰਪੰਚਾਂ ਵੱਲੋਂ ਪਿੰਡਾਂ ਦੀ ਭਲਾਈ ਲਈ ਕੀਤੇ ਗਏ ਕਾਰਜਾਂ ਦੀ ਚਰਚਾ ਕਰਦਿਆਂ ਦੋਵੇਂ ਸਰਪੰਚਾਂ ਦੀ ਸ਼ਲਾਘਾ ਕੀਤੀ ਗਈ। ਜ਼ਿਕਰਯੋਗ ਹੈ ਕਿ ਸੈਸ਼ਨਦੀਪ ਕੌਰ ਸਭ ਤੋਂ ਛੋਟੀ ਉਮਰ ਦੀ ਸਰਪੰਚ ਹੈ। ਇਸ ਕੌਮੀ ਕਾਨਫਰੰਸ ਵਿੱਚ ਭਾਰਤ ਸਰਕਾਰ ਦੇ ਪੰਚਾਇਤੀ ਰਾਜ ਮੰਤਰਾਲੇ ਦੇ ਸਕੱਤਰ ਸੁਨੀਲ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ|
ਸਰਪੰਚ ਸੈਸ਼ਨਦੀਪ ਕੌਰ ਨੇ ਦੱਸਿਆ ਕਿ ਇਸ ਕਾਨਫਰੰਸ ਦੌਰਾਨ ਮਹਿਲਾ ਮਿੱਤਰ ਪੰਚਾਇਤ ਉਸਾਰਨ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੇ ਫ਼ੈਸਲੇ ਮੁਤਾਬਕ 2030 ਤੱਕ ਐੱਸਡੀਜੀ ਤਹਿਤ ਨੌਂ ਉਦੇਸ਼ਾਂ ’ਤੇ ਕੰਮ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਸ ਮੌਕੇ ਵੱਖ-ਵੱਖ ਸੂਬਿਆਂ ਦੀਆਂ ਪੰਚਾਇਤਾਂ ਨੇ ਆਪਣੇ ਤਜਰਬੇ ਵੀ ਸਾਂਝੇ ਕੀਤੇ। ਕਾਨਫਰੰਸ ਵਿੱਚ ਸਰਪੰਚਾਂ ਦੇ ਪ੍ਰਸ਼ਨ-ਉੱਤਰ ਮੁਕਾਬਲੇ ਕਰਵਾਏ ਗਏ ਤੇ ਜੇਤੂਆਂ ਨੂੰ ਇਨਾਮ ਵੀ ਵੰਡੇ ਗਏ। ਇਸ ਮੌਕੇ ਸਰਪੰਚਾਂ ਨੂੰ ਅਲਰੂਰ ਦਾ ਦੌਰਾ ਵੀ ਕਰਵਾਇਆ ਗਿਆ। ਇਸ ਮੌਕੇ ਸਰਪੰਚ ਕੁਲਵਿੰਦਰ ਕੌਰ ਨੇ ਪਿੰਡ ਦੀਆਂ ਔਰਤਾਂ ਦੀ 11 ਮੈਂਬਰੀ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਕਮੇਟੀ ਵੱਲੋਂ ਕੀਤੇ ਗਏ ਕੰਮਾਂ ਦੇ ਵੇਰਵੇ ਸਾਂਝੇ ਕੀਤੇ।