ਗੁਰਦੀਪ ਸਿੰਘ ਲਾਲੀ
ਸੰਗਰੂਰ, 16 ਮਈ
ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਅੱਜ ਮੁੱਖ ਸੜਕ ’ਤੇ ਆਵਾਜਾਈ ਠੱਪ ਕਰਕੇ ਪ੍ਰਦਰਸ਼ਨ ਕਰ ਰਹੀਆਂ ਕਰੋਨਾ ਯੋਧਾ ਨਰਸਾਂ ਵਿੱਚੋਂ ਦੋ ਨਰਸਾਂ ਗਰਮੀ ਕਾਰਨ ਬੇਹੋਸ਼ ਹੋ ਗਈਆਂ। ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਕਰੋਨਾ ਯੋਧਿਆਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਦਿੱਤੇ ਜਾ ਰਹੇ ਪੱਕੇ ਰੋਸ ਧਰਨੇ ਤਹਿਤ ਜਾਰੀ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਭੁੱਖ ਹੜਤਾਲ ਅੱਜ ਮਰਨ ਵਰਤ ਵਿੱਚ ਤਬਦੀਲ ਕਰ ਦਿੱਤੀ ਗਈ ਹੈ। ਭੁੱਖ ਹੜਤਾਲ ਨੂੰ ਅੱਜ ਮਰਨ ਵਰਤ ਵਿੱਚ ਤਬਦੀਲ ਕਰਨ ਮਗਰੋਂ ਅੱਜ ਸਿਖਰ ਦੁਪਹਿਰੇ ਕਰੋਨਾ ਯੋਧੇ ਨਰਸਿੰਗ ਸਟਾਫ਼ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਸਾਹਮਣੇ ਸੰਗਰੂਰ-ਪਟਿਆਲਾ ਬਾਈਪਾਸ ’ਤੇ ਆਵਾਜਾਈ ਠੱਪ ਕਰ ਦਿੱਤੀ ਗਈ। ਗਰਮੀ ਕਾਰਨ ਧਰਨਾਕਾਰੀਆਂ ਵਿੱਚੋਂ ਗਗਨਦੀਪ ਕੌਰ ਤੇ ਸਤਿੰਦਰ ਕੌਰ ਬੇਹੋਸ਼ ਹੋ ਗਈਆਂ, ਜਿਨ੍ਹਾਂ ਵਿੱਚੋਂ ਗਗਨਦੀਪ ਨੂੰ ਹਸਪਤਾਲ ਲਿਜਾਇਆ ਗਿਆ ਤੇ ਸਤਿੰਦਰ ਨੇ ਹਸਪਤਾਲ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਮਗਰੋਂ ਧਰਨਾਕਾਰੀ ਸਾਥੀਆਂ ਨੇ ਉੱਥੇ ਹੀ ਉਸ ਨੂੰ ਗੁਲੂਕੋਸ ਲਵਾ ਕੇ ਸੰਭਾਲਿਆ। ਇਸ ਦੌਰਾਨ ਐੱਸਡੀਐੱਮ ਚਰਨਜੋਤ ਸਿੰਘ ਵਾਲੀਆ ਤੇ ਡੀਐੱਸਪੀ ਹੰਸ ਰਾਜ ਮੌਕੇ ’ਤੇ ਪਹੁੰਚੇ, ਜਿਨ੍ਹਾਂ ਧਰਨਾਕਾਰੀ ਆਗੂਆਂ ਦੀ ਡਿਪਟੀ ਕਮਿਸ਼ਨਰ ਨਾਲ ਫੋਨ ’ਤੇ ਗੱਲ ਕਰਵਾਈ। ਡੀਸੀ ਵੱਲੋਂ ਧਰਨਾਕਾਰੀਆਂ ਨੂੰ 27 ਤਰੀਕ ਤੱਕ ਮੁੱਖ ਮੰਤਰੀ ਨਾਲ ਮੀਟਿੰਗ ਕਰਾਉਣ ਦਾ ਭਰੋਸਾ ਦਿੱਤਾ ਗਿਆ, ਜਿਸ ’ਤੇ ਧਰਨਾਕਾਰੀਆਂ ਨੇ ਅਸੰਤੁਸ਼ਟੀ ਜ਼ਾਹਰ ਕੀਤੀ। ਇਸ ਮਗਰੋਂ 17 ਮਈ ਸਵੇਰੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕਰਾਉਣ ਦਾ ਭਰੋਸਾ ਦਿੱਤਾ।