ਪੱਤਰ ਪ੍ਰੇਰਕ
ਲੰਬੀ, 11 ਜੂਨ
ਪਿੰਡ ਫੁੱਲੂਖੇੜਾ ਵਿੱਚ ਇੱਕ ਪਰਿਵਾਰ ਦਰਮਿਆਨ ਜ਼ਮੀਨ ਨੂੰ ਲੈ ਕੇ ਹੋਏ ਝਗੜੇ ਦੌਰਾਨ ਗੋਲੀ ਚੱਲ ਗਈ, ਜਿਸ ਕਾਰਨ ਇਕ ਕਿਸਾਨ ਅਤੇ ਉਸ ਦਾ ਸੀਰੀ ਜ਼ਖ਼ਮੀ ਹੋ ਗਏ। ਪੁਲੀਸ ਨੇ ਮੁੱਦਈ ਧਿਰ ਦੇ ਬਿਆਨਾਂ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗੁਰਪ੍ਰੀਤ ਸਿੰਘ, ਉਸ ਦੇ ਪਿਤਾ ਤੇ ਪੁੱਤਰ ਸਣੇ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਗੁਰਪ੍ਰੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਦਾ ਸਰਕਲ ਪ੍ਰਧਾਨ ਹੈ। ਜਾਣਕਾਰੀ ਮੁਤਾਬਕ ਉਸ ਕਥਿਤ ਵਿਵਾਦਿਤ ਜ਼ਮੀਨ ਬਾਰੇ ਅਦਾਲਤੀ ਸਟੇਅ ਹੈ। ਦੱਸਿਆ ਜਾਂਦਾ ਹੈ ਕਿ ਦੂਜੀ ਧਿਰ ਵੱਲੋਂ ਕਥਿਤ ਜ਼ਮੀਨ ਵਾਹੁਣ ਦੀ ਕੋਸ਼ਿਸ਼ ਸਮੇਂ ਝਗੜਾ ਹੋਇਆ। ਗੁਰਪਾਲ ਸਿੰਘ ਵਾਸੀ ਫੁੱਲੂਖੇੜਾ ਵੱਲੋਂ ਪੁਲੀਸ ਨੂੰ ਕੀਤੀ ਸ਼ਿਕਾਇਤ ਵਿੱਚ ਕਿਹਾ ਖੇਤ ਤੋਂ ਪਰਤਣ ਸਮੇਂ ਗੁਰਪ੍ਰੀਤ ਨੇ ਉਨ੍ਹਾਂ ’ਤੇ ਗੋਲੀ ਚਲਾ ਦਿੱਤੀ, ਜਿਸ ਕਾਰਨ ਉਸ ਦਾ ਲੜਕਾ ਜ਼ਖ਼ਮੀ ਹੋ ਗਿਆ। ਉਧਰ, ਇਸ ਕੇਸ ਵਿੱਚ ਨਾਮਜ਼ਦ ਅਕਾਲੀ ਆਗੂ ਗੁਰਪ੍ਰੀਤ ਸਿੰਘ ਫੁੱਲੂਖੇੜਾ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਕਿਹਾ ਕਿ ਉਸ ਨੇ ਬਚਾਅ ਵਿੱਚ ਗੋਲੀ ਚਲਾਈ ਹੈ। ਪੁਲੀਸ ਚੌਕੀ ਭਾਈਕੇਰਾ ਦੇ ਮੁਖੀ ਗੁਰਦੀਪ ਸਿੰਘ ਨੇ ਦੱਸਿਆ ਕਿ ਗੁਰਪਾਲ ਸਿੰਘ ਦੀ ਸ਼ਿਕਾਇਤ ’ਤੇ ਗੁਰਪ੍ਰੀਤ ਸਿੰਘ ਸਣੇ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗੁਰਪ੍ਰੀਤ ਸਿੰਘ ਤੇ ਉਸਦੇ ਪਿਤਾ ਚੜ੍ਹਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।