ਪੱਤਰ ਪ੍ਰੇਰਕ
ਮਾਨਸਾ, 11 ਜੁਲਾਈ
ਬਣਾਂਵਾਲਾ ਤਾਪ ਘਰ ਦੇ ਪ੍ਰਬੰਧਕਾਂ ਨੇ ਇੱਕ ਯੂਨਿਟ ਅੱਜ ਅੱਧੀ ਰਾਤ ਤੋਂ ਬਾਅਦ ਅਤੇ ਦੂਸਰਾ ਯੂਨਿਟ ਭਲਕੇ ਦੁਪਹਿਰ ਤੱਕ ਠੀਕ ਹੋਣ ਦਾ ਦਾਅਵਾ ਕੀਤਾ ਹੈ। ਇਸ ਵੇਲੇ ਦੱਖਣੀ ਕੋਰੀਆ ਸਮੇਤ ਦੇਸ਼ ਦੀਆਂ ਹੋਰ ਵੱਡੀਆਂ ਕੰਪਨੀਆਂ ਦੇ ਇੰਜਨੀਅਰ ਤਾਪ ਘਰ ਯੂਨਿਟਾਂ ਦੀ ਦਿਨ-ਰਾਤ ਮੁਰੰਮਤ ਕਰ ਰਹੇ ਹਨ। ਮਾਨਸਾ ਨੇੜੇ ਪਿੰਡ ਬਣਾਂਵਾਲਾ ਵਿੱਚ ਨਿੱਜੀ ਭਾਈਵਾਲੀ ਤਹਿਤ ਵੇਦਾਂਤਾ ਕੰਪਨੀ ਵੱਲੋਂ ਲਾਏ ਗਏ ਉਤਰੀ ਭਾਰਤ ਦੇ ਇਸ ਸਭ ਤੋਂ ਵੱਡੇ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐਸਪੀਐਲ) ਤਾਪ ਘਰ ਦੇ ਤਿੰਨੋਂ ਯੂਨਿਟ ਬੰਦ ਪਏ ਹਨ। ਤਿੰਨਾਂ ਦੀ ਕੁੱਲ ਸਮਰੱਥਾ 1980 ਮੈਗਾਵਾਟ ਹੈ ਪਰ ਇਸ ਵੇਲੇ ਇਹ ਤਾਪ ਘਰ ਉੱਤਰੀ ਗਰਿੱਡ ਨੂੰ ਬਿਜਲੀ ਦੇਣ ਤੋਂ ਨਾਕਾਮ ਪਿਆ ਹੈ। ਪ੍ਰਬੰਧਕਾਂ ਨੇ ਕਿਹਾ ਕਿ ਪੂਰੀ ਮਾਤਰਾ ਵਿੱਚ ਘੱਟ ਸੁਆਹ ਵਾਲਾ ਕੋਲਾ ਨਹੀਂ ਮਿਲ ਰਿਹਾ। ਜ਼ਿਆਦਾ ਸੁਆਹ ਵਾਲੇ ਕੋਲੇ ਕਾਰਨ ਬਿਜਲੀ ਇਕਾਈਆਂ ’ਚ ਖ਼ਰਾਬੀ ਤੇ ਬਰੇਕ ਡਾਊਨ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ।
ਹਲਕੇ ਮੀਂਹ ਨੇ ਪਾਵਰਕੌਮ ਨੂੰ ਦਿੱਤੀ ਰਾਹਤ
ਪਟਿਆਲਾ (ਰਵੇਲ ਸਿੰਘ ਭਿੰਡਰ): ਪੰਜਾਬ ਦੇ ਕਈ ਖਿੱਤਿਆਂ ’ਚ ਪਏ ਹਲਕੇ ਮੀਂਹ ਨੇ ਬਿਜਲੀ ਸੰਕਟ ਨਾਲ ਜੂਝ ਰਹੇ ਪਾਵਰਕੌਮ ਨੂੰ ਕੁਝ ਰਾਹਤ ਦਿੱਤੀ ਹੈ। ਬਿਜਲੀ ਦੀ ਮੰਗ ਜਿਹੜੀ 12.75 ਹਜ਼ਾਰ ਮੈਗਾਵਾਟ ਚੱਲ ਰਹੀ ਸੀ, ਅੱਜ ਬਦਲ ਰਹੇ ਮੌਸਮ ਦੌਰਾਨ ਘੱਟ ਕੇ 11.75 ਹਜ਼ਾਰ ਮੈਗਾਵਾਟ ਦੇ ਕਰੀਬ ਰਹੀ। ਜਾਣਕਾਰੀ ਅਨੁਸਾਰ ਅੱਜ ਅੰਮ੍ਰਿਤਸਰ ਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਇਲਾਵਾ ਕੁਝ ਹੋਰ ਇਲਾਕਿਆਂ ’ਚ ਹਲਕੀ ਬੂੰਦਾਬਾਂਦੀ ਹੋਈ, ਜਿਸ ਨੇ ਦਿਨੋ-ਦਿਨ ਵਧ ਰਹੀ ਬਿਜਲੀ ਦੀ ਮੰਗ ’ਚ ਕੁਝ ਕਮੀ ਲਿਆਂਦੀ। ਉਧਰ ਰੋਪੜ ਥਰਮਲ ਪਲਾਂਟ ਦਾ ਇੱਕ ਤੇ ਤਲਵੰਡੀ ਸਾਬੋ ਥਰਮਲ ਦੇ ਤਿੰਨੇ ਉਤਪਾਦ ਯੂਨਿਟ ਖਰਾਬ ਹੋਣ ਤੋਂ ਇਲਾਵਾ ਅੱਜ ਰਣਜੀਤ ਸਾਗਰ ਡੈਮ ਦੇ ਵੀ ਦੋ ਯੂਨਿਟਾਂ ਬੰਦ ਹੋ ਗਏ। ਇਸ ਨਾਲ ਪਾਵਰਕੌਮ ਦੀ ਦੋ ਸੌ ਮੈਗਾਵਾਟ ਦੇ ਕਰੀਬ ਬਿਜਲੀ ਦੀ ਪੈਦਾਵਾਰ ਘਟੀ ਹੈ। ਇਸ ਹਾਈਡਲ ਪਲਾਂਟ ਦੇ ਦੋ ਯੂਨਿਟ ਕਾਰਜਸ਼ੀਲ ਹਨ।