ਜਗਮੋਹਨ ਸਿੰਘ
ਰੂਪਨਗਰ, 17 ਅਗਸਤ
ਬੀਤੀ ਰਾਤ ਖਣਨ ਵਿਭਾਗ ਅਤੇ ਥਾਣਾ ਸਿੰਘ ਭਗਵੰਤਪੁਰ ਪੁਲੀਸ ਨੇ ਸਾਂਝੀ ਕਾਰਵਾਈ ਕਰਦਿਆਂ ਦੋ ਟਰੈਕਟਰ ਟਰਾਲੀਆਂ ਨੂੰ ਨਾਜਾਇਜ਼ ਖਣਨ ਦੇ ਦੋਸ਼ ਅਧੀਨ ਕਾਬੂ ਕੀਤਾ ਹੈ, ਜਦੋਂ ਕਿ ਟਰੈਕਟਰਾਂ ਦੇ ਚਾਲਕ ਮੌਕੇ ਤੋਂ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿੰਘ ਭਗਵੰਤਪੁਰ ਪੁਲੀਸ ਦੇ ਤਫਤੀਸ਼ੀ ਅਧਿਕਾਰੀ ਸਬ ਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਬੀਤੀ ਰਾਤ ਉਨ੍ਹਾਂ ਨੂੰ ਖਣਨ ਵਿਭਾਗ ਦੇ ਜੂਨੀਅਰ ਇੰਜਨੀਅਰ ਕਮ ਖਣਨ ਇੰਸਪੈਕਟਰ ਅਕਸ਼ਿਤ ਬਾਂਸਲ ਅਤੇ ਜਤਿਨ ਸ਼ਿਵਾਲਿਕ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਪ੍ਰਾਪਤ ਹੋਈ ਹੈ ਕਿ ਸਿਸਵਾਂ ਨਦੀ ਵਿੱਚ ਰਾਤ ਦੇ ਹਨੇਰੇ ਵਿੱਚ ਨਜਾਇਜ਼ ਖਣਨ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਦੋਵੇਂ ਖਣਨ ਅਧਿਕਾਰੀਆਂ ਨੂੰ ਨਾਲ ਲੈ ਕੇ ਬੰਨ੍ਹਮਾਜਰਾ ਨੇੜੇ ਡਿਸਪੈਂਸਰੀ ਤੇ ਸ਼ਮਸ਼ਾਨਘਾਟ ਨੇੜੇ ਪੁੱਜੀ ਤਾਂ ਦੋ ਟਰੈਕਟਰ ਟਰਾਲੀਆਂ ਆਉਂਦੀਆਂ ਦਿੱਸੀਆਂ , ਜਿਨ੍ਹਾਂ ਦੇ ਚਾਲਕ ਪੁਲੀਸ ਪਾਰਟੀ ਨੂੰ ਵੇਖ ਕੇ ਟਰੈਕਟਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਪੁਲੀਸ ਅਤੇ ਖਣਨ ਵਿਭਾਗ ਦੀ ਟੀਮ ਨੇ ਖਣਨ ਸਮੱਗਰੀ ਨਾਲ ਲੱਦੇ ਉਕਤ ਦੋਵੇਂ ਟਰੈਕਟਰ ਟਰਾਲੀਆਂ ਨੂੰ ਕਾਬੂ ਕਰਕੇ ਕੇਸ ਦਰਜ ਕਰਨ ਉਪਰੰਤ ਫਰਾਰ ਹੋਏ ਚਾਲਕਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।