ਹਰਪ੍ਰੀਤ ਕੌਰ
ਹੁਸ਼ਿਆਰਪੁਰ, 13 ਜੂਨ
ਦੋ ਵਾਰ ਓਲੰਪਿਕ ਖੇਡਾਂ ’ਚ ਭਾਗ ਲੈਣ ਵਾਲੇ ਅਤੇ ਏਸ਼ਿਆਈ ਖੇਡਾਂ ’ਚ ਦੋ ਵਾਰ ਸੋਨ ਤਗ਼ਮਾ ਜਿੱਤਣ ਵਾਲੇ ਅਥਲੀਟ ਹਰੀ ਚੰਦ ਦਾ ਬੀਤੀ ਰਾਤ ਉਨ੍ਹਾਂ ਦੇ ਜੱਦੀ ਪਿੰਡ ਘੋੜੇਬਾਹਾ ਵਿੱਚ ਦੇਹਾਂਤ ਹੋ ਗਿਆ। ਉਹ 69 ਵਰ੍ਹਿਆਂ ਦੇ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੌਕੇ ਉਨ੍ਹਾਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਪਣੇ ਟਵਿੱਟਰ ਅਕਾਊਂਟ ’ਤੇ ਇੱਕ ਸੰਦੇਸ਼ ਸਾਂਝਾ ਕਰਦਿਆਂ ਲਿਖਿਆ ਹੈ ਕਿ ਭਾਰਤੀ ਅਥਲੈਟਿਕਸ ਦੀ ਸ਼ਾਨ ਰਹੇ ਹਰੀ ਚੰਦ ਹਮੇਸ਼ਾ ਆਪਣੀ ਖੇਡ ਲਈ ਯਾਦ ਕੀਤੇ ਜਾਣਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪ੍ਰੇਰਦੇ ਰਹਿਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਹਰੀ ਚੰਦ ਦਾ ਜਨਮ ਪਹਿਲੀ ਅਪਰੈਲ 1953 ਨੂੰ ਪਿੰਡ ਘੋੜੇਬਾਹਾ ਵਿੱਚ ਹੋਇਆ ਸੀ ਤੇ ਉਨ੍ਹਾਂ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ ਸੀ। ਬਾਅਦ ਵਿੱਚ ਉਹ ਸੀਆਰਪੀਐੱਫ਼ ਵਿੱਚ ਭਰਤੀ ਹੋ ਗਏ। ਉਨ੍ਹਾਂ 1976 ਵਿੱਚ ਮੌਂਟਰੀਅਲ ਵਿੱਚ ਹੋਈਆਂ ਸਮਰ ਓਲੰਪਿਕਸ ਵਿੱਚ ਲੰਮੀ ਦੌੜ ਵਿੱਚ ਅੱਠਵਾਂ ਸਥਾਨ ਹਾਸਲ ਕੀਤਾ। ਇਸ ਪਿੱਛੋਂ ਉਨ੍ਹਾਂ 1980 ਵਿੱਚ ਮਾਸਕੋ ਵਿੱਚ ਹੋਈਆਂ ਓਲੰਪਿਕ ਖੇਡਾਂ ’ਚ ਪੁਰਸ਼ਾਂ ਦੀ ਮੈਰਾਥਨ ਵਿੱਚ ਹਿੱਸਾ ਲਿਆ। ਉਨ੍ਹਾਂ 1978 ਵਿੱਚ ਬੈਂਕਾਕ ਏਸ਼ੀਅਨ ਖੇਡਾਂ ’ਚ 5 ਹਜ਼ਾਰ ਤੇ 10 ਹਜ਼ਾਰ ਮੀਟਰ ਦੌੜ ਵਿੱਚ ਦੋ ਸੋਨੇ ਦੇ ਤਗ਼ਮੇ ਜਿੱਤੇ। ਹਰੀ ਚੰਦ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਅਰਜਨ ਐਵਾਰਡ ਨਾਲ ਵੀ ਸਨਮਾਨਿਆ ਗਿਆ ਹੈ।