ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 5 ਜੁਲਾਈ
ਲੁਧਿਆਣਾ-ਮਾਲੇਰਕੋਟਲਾ ਮੁੱਖ ਮਾਰਗ ’ਤੇ ਪਿੰਡ ਲਹਿਰਾ ’ਚ ਬੀਤੀ ਦੇਰ ਰਾਤ ਟਰਾਲੇ ਦੇ ਪਿੱਛੇ ਮੋਟਰਸਾਈਕਲ ਟਕਰਾਉਣ ਕਾਰਨ ਵਾਪਰੇ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਇੱਕ ਜ਼ਖ਼ਮੀ ਹੋ ਗਿਆ। ਤਿੰਨੇ ਦੋਸਤ ਪਿੰਡ ਪੋਹੀੜ ਤੋਂ ਘੁੰਗਰਾਨਾ ਜਾ ਕੇ ਖੁਸ਼ਕ ਬੰਦਰਗਾਹ ਵਾਲੀ ਸੜਕ ਤੋਂ ਲੁਧਿਆਣਾ-ਮਾਲੇਰਕੋਟਲਾ ਮੁੱਖ ਮਾਰਗ ਵੱਲ ਵਾਪਸ ਆ ਰਹੇ ਸਨ। ਪਿੰਡ ਲਹਿਰਾ ਨੇੜੇ ਉਨ੍ਹਾਂ ਦਾ ਮੋਟਰਸਾਈਕਲ ਖੜ੍ਹੇ ਟਰਾਲੇ ਦੇ ਪਿੱਛੇ ਟਕਰਾ ਗਿਆ। ਮੋਟਰਸਾਈਕਲ ਚਾਲਕ ਵਿਪਨਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਨਵੀਨ ਮੁਹੰਮਦ ਨੇ ਲੁਧਿਆਣਾ ਦੇ ਹਸਪਤਾਲ ’ਚ ਦਮ ਤੋੜਿਆ। ਸ਼ਿਕਾਇਤ ਕਰਤਾ ਕਮਲਜੀਤ ਸਿੰਘ ਨੇ ਦੋਸ਼ ਲਾਇਆ ਕਿ ਹਾਦਸਾ ਟਰੱਕ ਟਰਾਲਾ ਡਰਾਈਵਰ ਦੀ ਅਣਗਹਿਲੀ ਕਾਰਨ ਵਾਪਰਿਆ। ਪੁਲੀਸ ਨੇ ਅਣਪਛਾਤੇ ਡਰਾਈਵਰ ਖ਼ਿਲਾਫ਼ ਧੂਲਕੋਟ ਵਾਸੀ ਕਮਲਜੀਤ ਸਿੰਘ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ।