ਪੱਤਰ ਪ੍ਰੇਰਕ
ਦੇਵੀਗੜ੍ਹ, 9 ਜੁਲਾਈ
ਪਿੰਡ ਘੜਾਮ ਨੇੜੇ ਬੀਤੀ ਰਾਤ ਤੇਜ਼ ਰਫਤਾਰ ਐਕਸਯੂਵੀ ਨੇ ਮੋਟਰ ਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਦਰੜ ਦਿੱਤਾ ਜਿਨ੍ਹਾਂ ਦੀ ਹਸਪਤਾਲ ਵਿੱਚ ਮੌਤ ਹੋ ਗਈ। ਪੁਲੀਸ ਨੇ ਫੇਟ ਮਾਰਨ ਵਾਲੀ ਗੱਡੀ ਵਿਚੋਂ ਡੋਡਿਆਂ ਦੇ 10 ਥੈਲੇ ਬਰਾਮਦ ਕੀਤੇ ਹਨ। ਜਾਣਕਾਰੀ ਅਨੁਸਾਰ ਬੀਤੀ ਰਾਤ ਤੇਜ਼ ਰਫਤਾਰ ਐਕਸਯੂਵੀ ਨੇ ਪਿੰਡ ਘੜਾਮ ਦੇ ਪੈਟਰੋਲ ਪੰਪ ਨੇੜੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਮੋਟਰਸਾਈਕਲ ’ਤੇ ਸਵਾਰ ਪਿੰਡ ਰੋਹੜ ਜਗੀਰ ਦੇ ਦੋ ਨੌਜਵਾਨ ਰਮਨਪ੍ਰੀਤ ਸਿੰਘ ਅਤੇ ਗੁਰਸੇਵਕ ਸਿੰਘ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਦੀ ਬਾਅਦ ਵਿਚ ਮੌਤ ਹੋ ਗਈ। ਪੁਲੀਸ ਅਨੁਸਾਰ ਐਕਸਯੂਵੀ ਨੂੰ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਮਰਹੂਮ ਮਨਜੀਤ ਸਿੰਘ ਵਾਸੀ ਮਕਬੂਲਪੁਰ ਭੈਣੀ ਚਲਾ ਰਿਹਾ ਸੀ। ਇਸ ਮੌਕੇ ਉਸ ਦਾ ਭਰਾ ਲਵਪ੍ਰੀਤ ਸਿੰਘ ਉਰਫ ਲਵਲੀ ਵੀ ਮੌਜੂਦ ਸੀ ਜੋ ਲੋਕਾਂ ਦੇ ਇਕੱਠ ਨੂੰ ਵੇਖ ਕੇ ਫਰਾਰ ਹੋ ਗਏ।