ਪੱਤਰ ਪ੍ਰੇਰਕ
ਘਨੌਰ, 17 ਮਾਰਚ
ਇਥੇ ਨਰਵਾਣਾ ਬ੍ਰਾਂਚ ਨਹਿਰ ਦੇ ਘਨੌਰ ਪੁਲ ਨੇੜੇ ਦੋ ਨੌਜਵਾਨਾਂ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੇ ਮਾਪਿਆਂ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਵਰਖਾ ਰਾਮ (18) ਅਤੇ ਮਨਿੰਦਰ ਸਿੰਘ (24) ਵਾਸੀ ਪਿੰਡ ਹਰੀ ਮਾਜਰਾ ਅੱਜ ਸਵੇਰੇ ਪਿੰਡ ਤੋਂ ਧੂਫ ਅਤੇ ਜੋਤਾਂ ਦੀ ਸਮੱਗਰੀ ਲੈ ਕੇ ਨਹਿਰ ਵਿੱਚ ਜਲ ਪ੍ਰਵਾਹ ਕਰਨ ਆਏ ਸਨ। ਜਦੋਂ ਉਹ ਸਮੱਗਰੀ ਨਹਿਰ ਵਿੱਚ ਪਾਉਣ ਲੱਗੇ ਤਾਂ ਅਚਾਨਕ ਪੈਰ ਤਿਲਕਣ ਕਾਰਨ ਨਹਿਰ ਵਿੱਚ ਡਿੱਗ ਗਏ ਅਤੇ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਏ। ਪ੍ਰਤੱਖਦਰਸ਼ੀਆਂ ਅਤੇ ਰਾਹਗੀਰਾਂ ਨੇ ਜਦੋਂ ਦੋਵੇਂ ਨੌਜਵਾਨਾਂ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ, ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਬਰਖਾ ਰਾਮ ਫਰਿੱਜਾਂ ਦੀ ਰਿਪੇਅਰ ਅਤੇ ਮਨਿੰਦਰ ਸਿੰਘ ਕਿਸੇ ਫੈਕਟਰੀ ਵਿੱਚ ਕੰਮ ਕਰਦਾ ਸੀ। ਪੀੜਤ ਪਰਿਵਾਰਾਂ ਨੇ ਕੋਈ ਪੁਲੀਸ ਕਾਰਵਾਈ ਨਾ ਕਰਨ ਦੀ ਗੱਲ ਆਖੀ ਹੈ।