ਨਿੱਜੀ ਪੱਤਰ ਪ੍ਰੇਰਕ
ਨੰਗਲ, 14 ਜੁਲਾਈ
ਪਿੰਡ ਬਰਮਲਾ ਨਜ਼ਦੀਕ ਸਤਲੁਜ ਦਰਿਆ ਵਿਚ ਨਹਾਉਣ ਗਏ ਤਿੰਨ ਵਿਦਿਆਰਥੀਆਂ ’ਚੋਂ ਦੋ ਭੇਤਭਰੀ ਹਾਲਤ ਵਿੱਚ ਲਾਪਤਾ ਹਨ, ਤੀਜੇ ਨੂੰ ਗੁਰਦੁਆਰਾ ਘਾਟ ਸਾਹਿਬ ਨੇੜਿਓਂ ਬਚਾਅ ਲਿਆ ਗਿਆ। ਜਾਂਚ ਅਧਿਕਾਰੀ ਐੱਸਆਈ ਸੋਹਣ ਸਿੰਘ ਨੇ ਦੱਸਿਆ ਕਿ ਆਸ਼ੂ ਉਰਫ ਕਾਰਤਿਕ (13) ਵਾਸੀ ਕੇਸ਼ਵ ਨਗਰ, ਸ਼ਬਦ ਕੁਮਾਰ ਉਰਫ ਸਤਨਾਮ ਸਿੰਘ (14) ਅਤੇ ਜੱਸੀ ਮੰਲਵਾਰ ਸ਼ਾਮ ਪੰਜ ਵਜੇ ਖੇਡਣ ਮਗਰੋਂ ਸਤਲੁਜ ਦਰਿਆ ਵਿਚ ਨਹਾਉਣ ਗਏ ਸਨ ਪਰ ਵਾਪਸ ਨਹੀਂ ਆਏ। ਉਨ੍ਹਾਂ ਦੱਸਿਆ ਕਿ ਜੱਸੀ ਨੂੰ ਕੁਝ ਨੌਜਵਾਨਾਂ ਨੇ ਗੁਰਦੁਆਰਾ ਘਾਟ ਸਾਹਿਬ ਨੇੜਿਓਂ ਦਰਿਆ ’ਚੋਂ ਬਚਾਅ ਲਿਆ ਅਤੇ ਬਾਕੀ ਦੋਹਾਂ ਦੇ ਪਾਣੀ ਵਿੱਚ ਰੁੜ੍ਹਨ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਇਨ੍ਹਾਂ ਬੱਚਿਆ ਦੇ ਕੱਪੜੇ ਦਰਿਆ ਕੰਢਿਓਂ ਮਿਲੇ ਸਨ। ਬੀਬੀਐੱਮਬੀ ਤੇ ਕੁਝ ਹੋਰ ਗੋਤਾਖੋਰ ਬੱਚਿਆਂ ਦੀ ਭਾਲ ਕਰ ਰਹੇ ਹਨ।
ਅਹਿਮਦਪੁਰ ਨੇੜੇ ਨਹਿਰ ’ਚ ਡਿੱਗੀ ਗੱਡੀ ਦਾ ਚਾਲਕ ਲਾਪਤਾ
ਘਨੌਲੀ (ਪੱਤਰ ਪ੍ਰੇਰਕ): ਅਹਿਮਦਪੁਰ ਨੇੜੇ ਭਾਖੜਾ ਨਹਿਰ ਦੇ ਪੁਲ ਤੋਂ ਥੋੜੀ ਦੂਰ ਨਵਾਂ ਮਲਿਕਪੁਰ ਰੋਡ ’ਤੇ ਅੱਜ ਸਵੇਰੇ ਇਨੋਵਾ ਗੱਡੀ ਨਹਿਰ ਵਿੱਚ ਡਿੱਗ ਗਈ। ਪੁਲੀਸ ਨੇ ਗੋਤਾਖੋਰਾਂ ਦੀ ਮਦਦ ਨਾਲ ਗੱਡੀ ਤਾਂ ਨਹਿਰ ’ਚੋਂ ਕੱਢ ਲਈ ਪਰ ਚਾਲਕ ਦਾ ਕੁਝ ਪਤਾ ਨਹੀਂ ਲੱਗਿਆ। ਘਨੌਲੀ ਚੌਕੀ ਦੇ ਇੰਚਾਰਜ ਰਣਬੀਰ ਸਿੰਘ ਸੰਧੂ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਉਨ੍ਹਾਂ ਮੌਕੇ ’ਤੇ ਪਹੁੰਚ ਕੇ ਗੋਤਾਖੋਰਾਂ ਦੀ ਮਦਦ ਨਾਲ ਕਾਰ ਨਹਿਰ ’ਚੋਂ ਬਾਹਰ ਕਢਵਾਈ ਪਰ ਚਾਲਕ ਗੱਡੀ ਵਿੱਚ ਮੌਜੂਦ ਨਹੀਂ ਸੀ। ਇਨੋਵਾ ’ਚੋਂ ਬਰਾਮਦ ਹੋਏ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਕਿ ਇਹ ਗੱਡੀ ਸੁਭਾਸ਼ ਗਰਗ (51) ਵਾਸੀ ਬਿਲਾਸਪੁਰ ਦੀ ਹੈ।