ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਇੱਥੋਂ ਨੇੜ੍ਹੇ ਵਗਦੇ ਸਤਲੁਜ ਦਰਿਆ ਵਿੱਚ ਨਹਾਉਂਦੇ ਸਮੇਂ ਦੋ ਸਕੀਆਂ ਭੈਣਾਂ- ਲਲਿਤਾ (12) ਅਤੇ ਸ਼ਿਵਾਨੀ (8) ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਮੰਡ ਝੜੌਦੀ ਵਿੱਚ ਸਤਲੁਜ ਦਰਿਆ ਦੇ ਬੰਨ੍ਹ ’ਤੇ ਪਰਵਾਸੀ ਮਜ਼ਦੂਰ ਝੁੱਗੀਆਂ ਬਣਾ ਕੇ ਰਹਿੰਦੇ ਹਨ। ਇੱਥੇ ਹੀ ਰਹਿੰਦੇ ਮਜ਼ਦੂਰ ਸੁਨੀਲ ਨੇ ਦੱਸਿਆ ਕਿ ਉਹ ਸ਼ਨਿਚਰਵਾਰ ਨੂੰ ਰੋਜ਼ਾਨਾ ਵਾਂਗ ਦਿਹਾੜੀ ’ਤੇ ਚਲੇ ਗਏ ਅਤੇ ਪਿੱਛੇ ਝੁੱਗੀ ਵਿੱਚ ਬੱਚੇ ਹੀ ਸਨ। ਉਸ ਨੇ ਦੱਸਿਆ ਕਿ ਉਸ ਦੀਆਂ ਲੜਕੀਆਂ ਲਲਿਤਾ, ਸ਼ਿਵਾਨੀ ਤੇ ਹੋਰ ਬੱਚੇ ਸਤਲੁਜ ਦਰਿਆ ਵਿੱਚ ਨਹਾਉਣ ਚਲੇ ਗਏ ਅਤੇ ਇਸ ਦੌਰਾਨ ਦੋਵੇਂ ਭੈਣਾਂ ਡੂੰਘੇ ਪਾਣੀ ਵਿੱਚ ਡੁੱਬ ਗਈਆਂ। ਹਾਦਸੇ ਤੋਂ ਬਾਅਦ ਬਾਕੀ ਬੱਚਿਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਦਿੱਤੀ। ਪਾਣੀ ਵਿੱਚ ਡੁੱਬੀਆਂ ਲਲਿਤਾ ਤੇ ਸ਼ਿਵਾਨੀ ਨੂੰ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਪਰਿਵਾਰਕ ਮੈਂਬਰਾਂ ਵੱਲੋਂ ਪੁਲੀਸ ਨੂੰ ਸੂਚਿਤ ਕੀਤੇ ਬਿਨਾਂ ਦੋਵਾਂ ਬੱਚਿਆਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।