ਦੇਵਿੰਦਰ ਸਿੰਘ ਜੱਗੀ
ਪਾਇਲ, 13 ਜੂਨ
ਪਿੰਡ ਮਾਂਗੇਵਾਲ ਵਿੱਚ ਇਨਸਾਫ ਲੈਣ ਲਈ ਟੈਂਕੀ ’ਤੇ ਚੜ੍ਹਨ ਦੇ ਦੋ ਮਾਮਲੇ ਸਾਹਮਣੇ ਆਏ। ਪਿੰਡ ਮਾਂਗੇਵਾਲ ਦੀ ਅਵਤਾਰ ਕੌਰ ਨੇ ਸਾਬਕਾ ਸਰਪੰਚ ਕੁਲਜਿੰਦਰ ਸਿੰਘ ਮਾਂਗੇਵਾਲ ’ਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਲਾਏ। ਉਹ ਪੁਲੀਸ ਕਾਰਵਾਈ ਲਈ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ ਗਈ। ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਮੌਕੇ ਉੱਪਰ ਆ ਕੇ ਬੀਬੀ ਅਵਤਾਰ ਕੌਰ ਨੂੰ ਟੈਕੀ ਤੋਂ ਹੇਠਾਂ ਆਉਣ ਲਈ ਮਨਾਇਆ।
ਇਸ ਸਬੰਧੀ ਹਲਕਾ ਵਿਧਾਇਕ ਨੇ ਸਾਬਕਾ ਸਰਪੰਚ ਕੁਲਜਿੰਦਰ ਸਿੰਘ ਖ਼ਿਲਾਫ਼ ਥਾਣਾ ਮਲੌਦ ਵਿੱਚ ਕੇਸ ਦਰਜ ਕਰਵਾ ਦਿੱਤਾ ਹੈ। ਦੂਜੇ ਪਾਸੇ ਸਾਬਕਾ ਸਰਪੰਚ ਦੀ ਬਿਰਧ ਮਾਤਾ ਅਤੇ ਦੋ ਧੀਆਂ ਨੇ ਹਲਕਾ ਵਿਧਾਇਕ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਕੁਲਜਿੰਦਰ ਸਿੰਘ ਖਿਲਾਫ਼ ਝੂਠੇ ਦੋਸ਼ ਲਾ ਕੇ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲੀਸ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਜਾਂਚ ਕਰ ਕੇ ਬਣਦੀ ਕਾਰਵਾਈ ਕਰੇ। ਸਾਬਕਾ ਸਰਪੰਚ ਦੀਆਂ ਲੜਕੀਆਂ ਤੇ ਪਿੰਡ ਦੇ ਪਤਵੰਤਿਆਂ ਨੇ ਦੱਸਿਆ ਕਿ ਹਲਕਾ ਵਿਧਾਇਕ ਇਨਸਾਫ਼ ਦਿਵਾਉਣ ਦੀ ਥਾਂ ਉਨ੍ਹਾਂ ਨੂੰ ਕਹਿ ਗਏ ਕਿ ਜੇ ਇਨਸਾਫ ਲੈਣਾ ਹੈ ਤਾਂ ਉਹ ਵੀ ਟੈਂਕੀ ਉੱਪਰ ਚੜ੍ਹ ਜਾਣ। ਇਸ ਤੋਂ ਬਾਅਦ ਬੱਚੀਆਂ ਆਪਣੀ ਮਾਂ ਸਣੇ ਟੈਂਕੀ ’ਤੇ ਚੜ੍ਹ ਗਈਆਂ।
ਇਸ ਮੌਕੇ ਥਾਣਾ ਮੁਖੀ ਗੁਰਦੀਪ ਸਿੰਘ ਬਰਾੜ ਅਤੇ ਤਹਿਸੀਲਦਾਰ ਪਾਇਲ ਪੁਲੀਸ ਪਾਰਟੀ ਸਣੇ ਪੁੱਜੇ ਤੇ ਚਾਰ ਘੰਟਿਆਂ ਬਾਅਦ ਤਿੰਨਾਂ ਨੂੰ ਟੈਂਕੀ ਤੋਂ ਹੇਠਾਂ ਉਤਾਰਿਆ। ਉਨ੍ਹਾਂ ਭਰੋਸਾ ਦਿੱਤਾ ਕਿ ਜਦੋਂ ਤੱਕ ਜਾਂਚ ਪੂਰੀ ਨਹੀਂ ਹੁੰਦੀ ਓਨੀ ਦੇਰ ਤਕ ਕੋਈ ਗ੍ਰਿਫ਼ਤਾਰੀ ਨਹੀਂ ਹੋਵੇਗੀ।
ਇਸ ਮੌਕੇ ਮਾਸਟਰ ਜਗਦੇਵ ਸਿੰਘ, ਅਕਾਲੀ ਆਗੂ ਵਰਿੰਦਰਜੀਤ ਸਿੰਘ ਵਿੱਕੀ ਬੇਰਕਲਾਂ, ਰਣਜੀਤ ਸਿੰਘ ਪਾਇਲ, ਗੁਰਮੇਲ ਸਿੰਘ ਗਿੱਲ ਬੇਰਕਲਾਂ, ਰਛਪਾਲ ਸਿੰਘ ਪਾਲਾ ਸੋਮਲ ਖੇੜੀ, ਸਿਮਰਜੀਤ ਸਿੰਘ ਅਤੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਆਦਿ ਨੇ ਕਿਹਾ ਕਿ ਕੁਲਜਿੰਦਰ ਸਿੰਘ ਉੱਪਰ ਦਰਜ ਕੀਤਾ ਝੂਠਾ ਪਰਚਾ ਰੱਦ ਕੀਤਾ ਜਾਵੇ।
ਕਿਸੇ ਨੂੰ ਟੈਂਕੀ ’ਤੇ ਚੜ੍ਹਨ ਲਈ ਨਹੀਂ ਕਿਹਾ: ਗਿਆਸਪੁਰਾ
ਹਲਕਾ ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਬਜ਼ੁਰਗ ਬੀਬੀ ਨਾਲ ਗਲਤ ਹਰਕਤਾਂ ਕਰਨ ਦਾ ਮਾਮਲਾ ਪੁਲੀਸ ਕੋਲ ਵਿਚਾਰ ਅਧੀਨ ਹੈ। ਉਨ੍ਹਾਂ ਕਿਸੇ ਨੂੰ ਟੈਂਕੀ ’ਤੇ ਚੜ੍ਹਨ ਲਈ ਨਹੀਂ ਕਿਹਾ। ਦੂਜੇ ਪਾਸੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਪੁਲੀਸ ਉੱਪਰ ਦਬਾਅ ਪਾ ਕੇ ਰਾਜਨੀਤੀ ਕੀਤੀ ਜਾ ਰਹੀ ਹੈ।