ਰਮੇਸ਼ ਭਾਰਦਵਾਜ
ਲਹਿਰਾਗਾਗਾ,19 ਜੁਲਾਈ
ਕਰੋਨਾ ਵਾਇਰਸ ਦੌਰਾਨ ਸ਼ਾਨਦਾਰ ਸੇਵਾ ਨਿਭਾਉਣ ਕਰਕੇ ਡੀਜੀਪੀ ਡਿਸਕ ਹਾਸਲ ਕਰਨ ਵਾਲੇ ਥਾਣਾ ਸਦਰ ਦੇ ਐੱਸਐੱਚਓ ਸੁਰਿੰਦਰ ਕੁਮਾਰ ਭੱਲਾ ਬੀਤੀ ਰਾਤ ਕਰੋਨਾ ਪੀੜ੍ਹਤ ਹੋਣ ਕਰਕੇ ਪੁਲੀਸ ਕਰਮਚਾਰੀਆਂ ’ਚ ਸਹਿਮ ਹੈ। ਉਨ੍ਹਾਂ ਤੋਂ ਇਲਾਵਾ ਸਿਟੀ ਪੁਲੀਸ ਦੇ ਐੱਸਐੱਚਓ ਪਰਸ਼ੋਤਮ ਰਾਮ ਸ਼ਰਮਾ, ਜੈਲ ਪੋਸਟ ਚੋਟੀਆਂ ਦੇ ਸਹਾਇਕ ਥਾਣੇਦਾਰ ਸੁਨੀਲ ਕੁਮਾਰ ਅਤੇ ਸਿਟੀ ਮੁਨਸ਼ੀ ਹਰਦੀਪ ਸਿੰਘ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਇਹ ਤਿੰਨ-ਚਾਰ ਦਿਨਾਂ ਤੋ ਬਿਮਾਰ ਸਨ, ਜਿਸ ਕਰਕੇ ਉਨ੍ਹਾਂ ਦੇ ਸੈਂਪਲ ਲੈ ਕੇ ਸਰਕਾਰੀ ਲੈਬੋਰੇਟਰੀ ਪਟਿਆਲਾ ਭੇਜੇ ਸਨ ਜੋ ਰਾਤ ਸਮੇਂ ਰਿਪੋਰਟ ’ਚ ਪਾਜ਼ੇਟਿਵ ਪਾਏ ਗਏ। ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਸੂਰਜ ਸ਼ਰਮਾ ਅਤੇ ਐੱਮਪੀਡਬਲਿਊ ਕਾਲਾ ਸਿੰਘ ਨੇ ਦੱਸਿਆ ਕਿ ਕਿ ਚਾਰੇ ਪੀੜ੍ਹਤਾਂ ਨੂੰ ਉਨ੍ਹਾਂ ਦੀ ਸਵੈ ਇੱਛਾ ਅਨੁਸਾਰ ਘਰਾਂ ਅੰਦਰ ਹੀ ਇਕਾਂਤਵਾਸ ਕੀਤਾ ਗਿਆ ਹੈ। ਐੱਸਐੱਮਓ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਲਹਿਰਾਗਾਗਾ ਥਾਣੇ ਨਾਲ ਸਬੰਧਤ ਸਾਰੇ 104 ਕਰਮਚਾਰੀਆਂ ਦੇ ਸੈਂਪਲਿੰਗ ਕਰਕੇ ਜਾਂਚ ਲਈ ਗਈ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।