ਅਜੇ ਮਲਹੋਤਰਾ/ਡਾ. ਹਿਮਾਂਸ਼ੂ ਸੂਦ
ਸ੍ਰੀ ਫ਼ਤਹਿਗੜ੍ਹ ਸਾਹਿਬ, 2 ਸਤੰਬਰ
ਅਦਾਕਾਰੀ ਕਰਨ ਵਾਲੇ ਨੌਜਵਾਨ ਵੱਲੋਂ ਆਪਣੇ ਇੱਕ ਸਾਥੀ ਨਾਲ ਮਿਲ ਕੇ ਪੈਸਿਆਂ ਦੇ ਲਾਲਚ ’ਚ ਆਪਣੀ ਦੋਸਤ ਔਰਤ ਨੂੰ ਕਤਲ ਕਰ ਕੇ ਭਾਖੜਾ ਨਹਿਰ ’ਚ ਸੁੱਟ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲਾ ਪੁਲੀਸ ਮੁਖੀ ਡਾ. ਰਵਜੋਤ ਗਰੇਵਾਲ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 28 ਅਗਸਤ ਨੂੰ ਇੱਕ ਔਰਤ ਦੀ ਲਾਸ਼ ਪਟਿਆਲਾ ਨੇੜਿਓਂ ਭਾਖੜਾ ਨਹਿਰ ’ਚੋਂ ਮਿਲੀ ਸੀ ਜਿਸ ਦੀ ਸ਼ਨਾਖਤ ਗੁਰਦੀਪ ਕੌਰ (40) ਪਤਨੀ ਨਵਚੇਤਨ ਵੇਗ ਪੰਨੂ ਵਾਸੀ ਵਾਰਡ ਨੰਬਰ 2 ਖਮਾਣੋਂ ਵਜੋਂ ਹੋਈ ਸੀ।
ਖਮਾਣੋਂ ਪੁਲੀਸ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ’ਤੇ ਪਤਾ ਲੱਗਾ ਕਿ ਮ੍ਰਿਤਕਾ ਦੇ ਸਿਰ ਅਤੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ ਜਿਸ ’ਤੇ ਥਾਣਾ ਖਮਾਣੋਂ ਵਿੱਚ ਕੇਸ ਦਰਜ ਕਰ ਕੇ ਡੀ.ਐੱਸ.ਪੀ. ਖਮਾਣੋਂ ਰਮਿੰਦਰ ਸਿੰਘ ਕਾਹਲੋਂ ਅਤੇ ਖਮਾਣੋਂ ਥਾਣੇ ਦੇ ਮੁਖੀ ਬਲਵੀਰ ਸਿੰਘ ਦੀ ਅਗਵਾਈ ’ਚ ਬਣਾਈ ਗਈ ਟੀਮ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਇਸ ਦੌਰਾਨ ਮ੍ਰਿਤਕਾ ਦੀ 20 ਸਾਲਾ ਲੜਕੀ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਦੋਸਤ ਬਣੇ ਵਰਿੰਦਰ ਸਿੰਘ ਨਾਮੀਂ ਨੌਜਵਾਨ ਨਾਲ ਉਸਦੀ ਮਾਤਾ ਦੀ ਕਰੀਬ ਡੇਢ ਮਹੀਨੇ ਤੋਂ ਚੈਟਿੰਗ ਚੱਲ ਰਹੀ ਸੀ ਜਿਸ ਉਪਰੰਤ ਪੁਲੀਸ ਵੱਲੋਂ ਬੀਤੇ ਕੱਲ੍ਹ ਵਰਿੰਦਰ ਸਿੰਘ ਵਾਸੀ ਪਿੰਡ ਗੰਢੂਆਂ ਨੂੰ ਗ੍ਰਿਫ਼ਤਾਰ ਕਰ ਕੇ ਉਸ ਤੋਂ ਪੁੱਛਗਿੱਛ ਕੀਤੀ ਗਈ ਜਿਸਨੇ ਮੰਨਿਆ ਕਿ ਉਸਨੇ ਹੀ ਕਾਰ ਅਤੇ ਗਹਿਣਿਆਂ ਦੇ ਲਾਲਚ ’ਚ ਆਪਣੇ ਦੋਸਤ ਅਤੇ ਰਿਸ਼ਤੇਦਾਰ ਗੁਰਵਿੰਦਰ ਸਿੰਘ ਗੁਰੀ ਵਾਸੀ ਪਿੰਡ ਭਾਮੀਆਂ (ਲੁਧਿਆਣਾ) ਨਾਲ ਮਿਲ ਕੇ ਗੁਰਦੀਪ ਕੌਰ ਦਾ ਕਤਲ ਕੀਤਾ ਹੈ। ਵਰਿੰਦਰ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਗੁਰਦੀਪ ਕੌਰ ਨਾਲ ਉਸਦੀ ਦੋਸਤੀ ਹੋਈ ਸੀ ਤੇ ਉਸ ਵੱਲੋਂ ਗੁਰਦੀਪ ਕੌਰ ਨੂੰ ਵਿਸ਼ਵਾਸ ’ਚ ਲੈਂਦਿਆਂ ਬੀਤੀ 27 ਅਗਸਤ ਦੀ ਰਾਤ ਨੂੰ ਰਾਣਵਾਂ ਵਿੱਚ ਮਿਲਣ ਲਈ ਬੁਲਾਇਆ ਗਿਆ ਤੇ ਜਦੋਂ ਰਾਤ ਨੂੰ ਗੁਰਦੀਪ ਕੌਰ ਆਪਣੀ ਕਾਰ ’ਚ ਉੱਥੇ ਪਹੁੰਚੀ ਤਾਂ ਉਹ ਗੁਰਦੀਪ ਕੌਰ ਦੀ ਕਾਰ ’ਚ ਸਵਾਰ ਹੋ ਕੇ ਖਿਲਾਉਣ-ਪਿਲਾਉਣ ਦੇ ਬਹਾਨੇ ਉਸਨੂੰ ਸੁੰਨਸਾਨ ਰਸਤੇ ’ਤੇ ਲੈ ਗਿਆ ਤੇ ਇਸ ਦੌਰਾਨ ਗੁਰਵਿੰਦਰ ਗੁਰੀ ਕਾਰ ’ਚ ਉਨ੍ਹਾਂ ਦਾ ਪਿੱਛਾ ਕਰਦਾ ਰਿਹਾ ਤੇ ਜਦੋਂ ਗੁਰਦੀਪ ਕੌਰ ਕਾਰ ’ਚੋਂ ਉਤਰ ਕੇ ਉਸਨੂੰ ਮਿਲ ਕੇ ਵਾਪਸ ਜਾਣ ਲੱਗੀ ਤਾਂ ਗੁਰਵਿੰਦਰ ਸਿੰਘ ਗੁਰੀ ਨੇ ਪਿੱਛਿਓਂ ਉਸਦੇ ਸਿਰ ’ਤੇ ਬੇਸਬਾਲ ਨਾਲ ਸੱਟ ਮਾਰੀ ਜਿਸ ਨਾਲ ਉਹ ਧਰਤੀ ’ਤੇ ਡਿੱਗ ਪਈ ਤਾਂ ਉਨ੍ਹਾਂ ਦੋਵਾਂ ਨੇ ਮਿਲ ਕੇ ਗੱਡੀ ਦੇ ਟਾਇਰ ਪਾਨੇ ਅਤੇ ਬੇਸਬਾਲ ਨਾਲ ਉਸ ’ਤੇ ਕਈ ਵਾਰ ਕੀਤੇ ਜਿਸ ਉਪਰੰਤ ਉਹ ਉਸਨੂੰ ਪੋਲੋ ਕਾਰ ’ਚ ਲੱਦ ਕੇ ਪਿੰਡ ਥਾਬਲਾਂ ਕੋਲੋਂ ਲੰਘਦੀ ਭਾਖੜਾ ਨਹਿਰ ਕੋਲ ਲੈ ਗਏ ਜਿੱਥੇ ਉਨ੍ਹਾਂ ਵੱਲੋਂ ਗੁਰਦੀਪ ਕੌਰ ਦੀ ਸੋਨੇ ਦੀ ਚੇਨ ਅਤੇ ਈਅਰ ਰਿੰਗ ਉਤਾਰ ਕੇ ਉਸਨੂੰ ਨਹਿਰ ’ਚ ਸੁੱਟ ਦਿੱਤਾ ਗਿਆ।