ਮਨੋਜ ਸ਼ਰਮਾ
ਬਠਿੰਡਾ, 17 ਜੁਲਾਈ
ਇੱਥੋਂ ਦੀ ਸਰਹਿੰਦ ਨਹਿਰ ਵਿੱਚ ਸ਼ਨਿਚਰਵਾਰ ਸ਼ਾਮ ਨੂੰ ਤਿੰਨ ਬੱਚੇ ਡਿੱਗ ਗਏ ਸਨ, ਜਿਨ੍ਹਾਂ ਵਿੱਚੋਂ ਦੋ ਬੱਚਿਆਂ ਨੂੰ ਬਚਾਅ ਲਿਆ ਗਿਆ, ਜਦੋਂਕਿ ਇੱਕ ਬੱਚੇ ਦੀ ਮੌਤ ਹੋ ਗਈ। ਇਸ ਬੱਚੇ ਦੀ ਲਾਸ਼ ਅੱਜ ਸ਼ਾਮ ਵੇਲੇ ਬਰਾਮਦ ਹੋਈ। ਇਨ੍ਹਾਂ ਬੱਚਿਆਂ ਦੀ ਉਮਰ 11 ਤੋਂ 13 ਸਾਲ ਦਰਮਿਆਨ ਸੀ। ਐੱਨਡੀਆਰਐਫ ਦੀਆਂ ਟੀਮਾਂ ਵੱਲੋਂ 26 ਘੰਟਿਆਂ ਦੀ ਜੱਦੋਜਹਿਦ ਤੋਂ ਬਾਅਦ ਬੱਚੇ ਦੀ ਲਾਸ਼ ਨੂੰ ਅੱਜ ਬਾਹਰ ਕੱਢਿਆ ਗਿਆ। ਮ੍ਰਿਤਕ ਦੀ ਪਛਾਣ ਅਵਤਾਰ ਸਿੰਘ (13) ਪੁੱਤਰ ਦਰਸ਼ਨ ਸਿੰਘ ਵਾਸੀ ਜੋਗਾਨੰਦ ਰੋਡ ਕੋਠੇ ਭਗਤੂਆਣਾ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਅਵਤਾਰ ਸਿੰਘ ਬੀਤੇ ਦਿਨ ਆਪਣੇ ਨਾਨਕੇ ਘਰ ਆਇਆ ਸੀ ਅਤੇ ਆਪਣੇ ਰਿਸ਼ਤੇਦਾਰੀ ਵਿੱਚ ਭਰਾ ਲੱਗਦੇ ਗੁਰਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਸਮੇਤ ਸਰਹਿੰਦ ਨਹਿਰ ’ਤੇ ਚਲਾ ਗਿਆ। ਇਸ ਦੌਰਾਨ ਮੀਂਹ ਪੈਣ ਲੱਗਾ ਤੇ ਨਹਿਰ ਦੇ ਕੰਢੇ ਖੜ੍ਹੇ ਹੋਣ ਕਾਰਨ ਇੱਕ ਬੱਚਾ ਨਹਿਰ ਵਿੱਚ ਡਿੱਗ ਪਿਆ। ਬਾਕੀ ਦੋ ਬੱਚਿਆਂ ਨੇ ਆਪਣੇ ਸਾਥੀ ਨੂੰ ਡੁੱਬਦਿਆਂ ਦੇਖ ਕੇ ਨਹਿਰ ਵਿੱਚੋਂ ਬਾਹਰ ਕੱਢਣ ਲਈ ਪੂਰੀ ਵਾਹ ਲਾਈ ਪਰ ਇਸ ਦੌਰਾਨ ਉਹ ਵੀ ਨਹਿਰ ਵਿੱਚ ਜਾ ਡਿੱਗੇ। ਇਸੇ ਦੌਰਾਨ ਰਾਹਗੀਰਾਂ ਨੇ ਦੋ ਬੱਚਿਆਂ ਗੁਰਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਨੂੰ ਬਚਾਅ ਲਿਆ ਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਤੀਜੇ ਬੱਚੇ ਦੀ ਭਾਲ ਵਿੱਚ ਐੱਨਡੀਆਰਐੱਫ ਦੀ ਟੀਮ ਨੇ 26 ਘੰਟੇ ਜੱਦੋ-ਜਹਿਦ ਕੀਤੀ ਅਤੇ ਤੀਜੇ ਬੱਚੇ ਦੀ ਲਾਸ਼ ਬਰਾਮਦ ਕੀਤੀ ਗਈ।