ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਜੁਲਾਈ
ਇੱਥੋਂ ਦੀ ਪੁਲੀਸ ਨੇ ਟ੍ਰਾਈਸਿਟੀ ਦੇ ਪ੍ਰਾਪਰਟੀ ਦੇ ਕਾਰੋਬਾਰੀ ਜੀਬੀਪੀ ਪ੍ਰਾਈਵੇਟ ਲਿਮਟਿਡ ਖ਼ਿਲਾਫ਼ ਦੋ ਹੋਰ ਕੇਸ ਦਰਜ ਕੀਤੇ ਹਨ। ਇਹ ਕੇਸ ਥਾਣਾ ਸੈਕਟਰ-34 ਦੀ ਪੁਲੀਸ ਨੇ ਸੈਕਟਰ-47ਬੀ ਦੀ ਵਸਨੀਕ ਔਰਤ ਦੀ ਸ਼ਿਕਾਇਤ ’ਤੇ ਸਤੀਸ਼ ਕੁਮਾਰ ਗੁਪਤਾ, ਰਮਨ ਗੁਪਤਾ, ਪ੍ਰਦੀਪ ਗੁਪਤਾ ਅਤੇ ਅਨੁਪਮ ਗੁਪਤਾ ਖ਼ਿਲਾਫ਼ ਦਰਜ ਕੀਤੇ ਹਨ। ਸ਼ਿਕਾਇਤਕਰਤਾ ਮੁਤਾਬਿਕ ਉਸ ਨੇ ਜੀਬੀਪੀ ਗਰੁੱਪ ਕੋਲ ਜ਼ੀਰਕਪੁਰ ਵਿੱਚ 28.59 ਲੱਖ ਰੁਪਏ ਦਾ ਅਪਾਰਟਮੈਂਟ ਬੁੱਕ ਕਰਵਾਇਆ ਸੀ, ਜਿਸ ਦਾ ਕਬਜ਼ਾ ਅਗਸਤ 2021 ਵਿੱਚ ਦੇਣਾ ਸੀ। ਇੱਕ ਸਾਲ ਬੀਤਣ ਦੇ ਬਾਵਜੂਦ ਨਾ ਉਸਾਰੀ ਦਾ ਕੰਮ ਪੂਰਾ ਕੀਤਾ ਹੈ ਅਤੇ ਨਾ ਹੀ ਕਬਜ਼ਾ ਦਿੱਤਾ ਗਿਆ ਹੈ। ਦੂਜਾ ਮਾਮਲਾ ਡੱਡੂਮਾਜਰਾ ਕਲੋਨੀ ਵਿੱਚ ਰਹਿਣ ਵਾਲੀ ਔਰਤ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਸ਼ਿਕਾਇਤਕਰਤਾ ਮੁਤਾਬਿਕ ਮੁਲਜ਼ਮਾਂ ਨੇ ਖਰੜ ਵਿੱਚ ਪ੍ਰਾਪਰਟੀ ਦਿਵਾਉਣ ਦੇ ਨਾਮ ’ਤੇ ਧੋਖਾਧੜੀ ਕੀਤੀ ਹੈ।