ਗੁਰਬਖਸ਼ਪੁਰੀ
ਤਰਨ ਤਾਰਨ, 19 ਅਗਸਤ
20 ਦਿਨ ਪਹਿਲਾਂ ਇਲਾਕੇ ਅੰਦਰ ਜ਼ਹਿਰੀਲੀ ਸ਼ਰਾਬ ਕਾਂਡ ਕਾਰਨ ਚਰਚਾ ਵਿੱਚ ਆਏ ਪੰਡੋਰੀ ਗੋਲਾ ਵਿੱਚ ਦੋ ਹੋਰ ਜਣਿਆਂ ਦੀ ਬੀਤੇ 24 ਘੰਟਿਆਂ ਦੌਰਾਨ ਕਥਿਤ ਜ਼ਹਿਰੀਲੀ ਸ਼ਰਾਬ ਕਾਰਨ ਮੌਤ ਹੋ ਗਈ। ਇਸ ਨਾਲ ਫਿਰ ਤੋਂ ਪ੍ਰਸ਼ਾਸ਼ਨ, ਪੁਲੀਸ ਅਤੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਇਨ੍ਹਾਂ ਤੋਂ ਇਲਾਵਾ ਪਿੰਡ ਦੇ ਦੋ ਹੋਰ ਵਿਅਕਤੀਆਂ ਨੂੰ ਇਥੋਂ ਦੇ ਸਿਵਲ ਹਸਪਤਾਲ ਅੰਦਰ ਸਿਹਤ ਵਿਭਾਗ ਦੀ ਅਧਿਕਾਰੀਆਂ ਦੀ ਨਿਗਰਾਨੀ ਹੇਠ ਰੱਖਿਆ ਹੋਇਆ ਹੈ। ਬੀਤੇ ਦਿਨ ਮਾਰੇ ਗਏ ਪਿੰਡ ਦੇ ਵਾਸੀ ਦਿਲਬਾਗ ਸਿੰਘ ਦੀ ਮਾਤਾ ਕੁਲਦੀਪ ਕੌਰ ਨੇ ਥਾਣਾ ਸਦਰ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਆਪਣੇ ਲੜਕੇ ਦੀ ਸ਼ਰਾਬ ਪੀਣ ਨਾਲ ਹੋਈ ਦੱਸੀ ਹੈ, ਜਿਸ ਤਹਿਤ ਪੁਲੀਸ ਨੇ ਦਫ਼ਾ 174 ਅਧੀਨ ਇਕ ਰਿਪੋਰਟ ਦਰਜ ਕੀਤੀ ਹੈ। ਦਿਲਬਾਗ ਸਿੰਘ ਤੋਂ ਇਲਾਵਾ ਬੀਤੀ ਅੱਧੀ ਰਾਤ ਨੂੰ ਪਿੰਡ ਦਾ ਵਾਸੀ ਹੀਰਾ ਸਿੰਘ ਵੀ ਇਥੋਂ ਦੇ ਸਿਵਲ ਹਸਪਤਾਲ ਅੰਦਰ ਦਮ ਤੋੜ ਗਿਆ। ਉਸ ਨੇ ਮੰਗਲਵਾਰ ਨੂੰ ਘਬਰਾਹਟ ਤੋਂ ਇਲਾਵਾ ਆਪਣੀਆਂ ਅੱਖਾਂ ਦੀ ਰੋਸ਼ਨੀ ਜਾ ਰਹੀ ਹੋਣ ਦੀ ਸ਼ਿਕਾਇਤ ਕੀਤੀ ਸੀ। ਇਸ ਦੇ ਨਾਲ ਹੀ ਪਿੰਡ ਦੇ ਦੀ ਹੋਰ ਵਿਅਕਤੀ ਇਥੋਂ ਦੇ ਸਿਵਲ ਹਸਪਤਾਲ ਵਿੱਚ ਸਿਹਤ ਵਿਭਾਗ ਦੀ ਨਿਗਰਾਨੀ ਹੇਠ ਹਨ। ਮੁੱਢਲੇ ਤੌਰ ਤੇ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਸਿਹਤ ਵਿਭਾਗ ਦੀ ਨਿਗਰਾਨੀ ਹੇਠ ਚਲ ਰਹੇ ਵਿਅਕਤੀਆਂ ਅਨੁਸਾਰ ਇਹ ਘਟਨਾ ਵੀ ਜ਼ਹਿਰੀਲੀ ਸ਼ਰਾਬ ਕਾਂਡ ਨਾਲ ਜਾ ਜੁੜਦੀ ਹੈ। ਇਸ ਦੇ ਐਨ ਉਲਟ ਗੋਇੰਦਵਾਲ ਸਾਹਿਬ ਦੇ ਡੀਐੱਸਪੀ (ਅਪ੍ਰੇਸ਼ਨ) ਇਕ਼ਬਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੌਤਾਂ ਨੂੰ ਜ਼ਹਿਰੀਲੀ ਸ਼ਰਾਬ ਨਾਲ ਜੋੜੇ ਨੂੰ ਜਾਣ ਪੂਰੀ ਤਰ੍ਹਾਂ ਨਾਲ ਰੱਦ ਕੀਤਾ ਹੈ ਅਤੇ ਕਿਹਾ ਕਿ ਇਸ ਸਬੰਧੀ ਕੁਝ ਵੀ ਕਹਿਣ ਤੋਂ ਪਹਿਲਾਂ ਪੋਸਟ ਮਾਰਟਮ ਦੀ ਰਿਪੋਰਟ ਦੀ ਉਡੀਕ ਕਰਨੀ ਹੋਵੇਗੀ। ਜ਼ਹਿਰੀਲੀ ਸ਼ਰਾਬ ਕਾਂਡ ਵਿੱਚ ਇਸ ਪਿੰਡ ਦੇ 11 ਜਣਿਆਂ ਦੀ ਮੌਤ ਹੋ ਗਈ ਸੀ ਅਤੇ ਇਸ ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਬੱਬੂ, ਕਈ ਹੋਰਨਾਂ ਖਿਲਾਫ਼ ਪੁਲੀਸ ਨੇ ਜ਼ਹਿਰੀਲੀ ਸ਼ਰਾਬ ਦਾ ਧੰਦਾ ਕਰਨ ਦੇ ਦੋਸ਼ਾਂ ਅਧੀਨ ਕੇਸ ਕੀਤੇ ਹਨ। ਸਿਹਤ ਵਿਭਾਗ ਦੀ ਨਿਗਰਾਨੀ ਹੇਠ 35 ਸਾਲਾ ਰਾਮਪਾਲ ਸਿੰਘ ਅਤੇ ਮ੍ਰਿਤਕ ਹੀਰਾ ਸਿੰਘ ਦੇ ਭਰਾ ਧੀਰਾ ਸਿੰਘ ਨੇ ਦਿਲਬਾਗ ਸਿੰਘ ਤੇ ਹੀਰਾ ਸਿੰਘ ਦੀ ਮੌਤ ਦਾ ਕਾਰਨ ਜ਼ਹਿਰੀਲੀ ਸ਼ਰਾਬ ਹੀ ਆਖਿਆ ਹੈ। ਰਾਮਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਸੋਮਵਾਰ ਦੀ ਰਾਤ ਵੇਲੇ ਪਿੰਡ ਤੋਂ ਹੀ 50 ਰੁਪਏ ਦੀ ਪਊਆ ਦੇਸ਼ੀ ਸ਼ਰਾਬ ਲੈ ਕੇ ਪੀਤੀ ਸੀ ਜਦਕਿ ਧੀਰਾ ਸਿੰਘ ਨੇ ਕਿਹਾ ਕਿ ਉਸ ਨੇ ਤਾਂ ਆਪਣੇ ਭਰਾ ਹੀਰਾ ਸਿੰਘ ਵਲੋਂ ਲਿਆਂਦੀ ਸ਼ਰਾਬ ਜਿਵੇ ਹੀ ਪੀਤੀ ਤਾਂ ਉਸਨੂੰ ਸ਼ਰਾਬ ਜ਼ਹਿਰੀਲੀ ਲੱਗੀ ਜਿਸ ਕਰਕੇ ਉਸ ਨੇ ਪੀਣ ਨਾ ਪੀਤੀ। ਦੋਵੇਂ ਮ੍ਰਿਤਕ ਗਰੀਬ ਹਨ। ਦਿਲਬਾਗ ਸਿੰਘ ਦੀਆਂ ਤਿੰਨ ਲੜਕੀਆਂ ਹਨ ਤੇ ਇਕ ਲੜਕੀ ਦੋ ਹਫਤਿਆਂ ਦੀ ਹੀ ਹੈ। ਰਾਮਪਾਲ ਸਿੰਘ ਨੇ ਦੱਸਿਆ ਕਿ ਉਹ ਰੋਜ਼ ਹੀ ਪਿੰਡ ਤੋਂ ਨਾਜਾਇਜ਼ ਸ਼ਰਾਬ ਪੀਣ ਜਾਂਦਾ ਰਿਹਾ ਹੈ, ਜਿਹੜੀ ਅਜੇ ਵੀ ਆਸਾਨੀ ਨਾਲ ਮਿਲ ਜਾਂਦੀ ਹੈ। ਐੱਸਐੱਸਪੀ ਧਰੁਮਨ ਨਿੰਬਾਲੇ ਨੇ ਆਪਣੇ ਸਾਥੀ ਪੁਲੀਸ ਅਧਿਕਾਰੀਆਂ ਨਾਲ ਹਸਪਤਾਲ ਹਸਪਤਾਲ ਦਾ ਦੌਰਾ ਕਰਕੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।