ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਮਈ
ਸੈਕਟਰ 26 ਪੁਲੀਸ ਲਾਈਨ ਵਿੱਚ ਬੀਤੇ ਦਿਨੀਂ ਫਾਇਰਮੈਨਾਂ ਦੇ ਸਰੀਰਕ ਟੈਸਟਾਂ ਵਿੱਚ ਉਮੀਦਵਾਰਾਂ ਦੀ ਥਾਂ ਹੋਰਨਾਂ ਨੌਜਵਾਨਾਂ ਵੱਲੋਂ ਟੈਸਟ ਦੇਣ ਦੇ ਮਾਮਲੇ ਵਿੱਚ ਪੁਲੀਸ ਨੇ ਦੋ ਹੋਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਵਿਕਰਮ ਸਿੰਘ ਵਾਸੀ ਕੈਥਲ ਅਤੇ ਅਮਨ ਵਾਸੀ ਜੀਂਦ ਵਜੋਂ ਹੋਈ ਹੈ। ਇਹ ਕਾਰਵਾਈ ਥਾਣਾ ਸੈਕਟਰ 26 ਦੀ ਪੁਲਸ ਨੇ ਕੀਤੀ ਹੈ। ਹਾਲਾਂਕਿ ਇਕ ਹੋਰ ਮੁਲਜ਼ਮ ਆਨੰਦ ਦੀ ਭਾਲ ਵਿੱਚ ਛਾਪੇ ਮਾਰੇ ਜਾ ਰਹੇ ਹਨ। ਦੱਸਣਯੋਗ ਹੈ ਕਿ ਚੰਡੀਗੜ੍ਹ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਵਿੱਚ ਫਾਇਰਮੈਨਾਂ ਦੀ ਭਰਤੀ ਲਈ ਸੈਕਟਰ 26 ਪੁਲੀਸ ਲਾਈਨ ਵਿਚੇ ਸਰੀਰਕ ਟੈਸਟ ਰੱਖੇ ਗਏ ਸਨ ਤੇ ਅਸਲ ਉਮੀਦਵਾਰਾਂ ਦੀ ਥਾਂ ’ਤੇ ਤਿੰਨ ਹੋਰ ਨੌਜਵਾਨ ਸਰੀਰਕ ਟੈਸਟ ਦੇਣ ਆਏ ਸਨ। ਪੁਲੀਸ ਨੇ ਇਸ ਸਬੰਧੀ ਤਿੰਨ ਜਣਿਆਂ ਨੂੰ ਕੱਲ੍ਹ ਗ੍ਰਿਫ਼ਤਾਰ ਕੀਤਾ ਸੀ ਤੇ ਦੋ ਜਣਿਆਂ ਅੱਜ ਕਬੂ ਕੀਤਾ ਹੈ। ਇਕ ਮੁਲਜ਼ਮ ਦੀ ਭਾਲ ਚੱਲ ਰਹੀ ਹੈ।