ਸੰਜੀਵ ਹਾਂਡਾ
ਫ਼ਿਰੋਜ਼ਪੁਰ, 6 ਮਈ
ਕਰਨਾਲ ਵਿੱਚ ਕੱਲ੍ਹ ਬੱਬਰ ਖਾਲਸਾ ਇੰਟਰਨੈਸ਼ਨਲ ਧੜੇ ਦੇ ਚਾਰ ਅਤਿਵਾਦੀਆਂ ਦੀ ਗ੍ਰਿਫ਼ਤਾਰੀ ਮਗਰੋਂ ਫ਼ਿਰੋਜ਼ਪੁਰ ਪੁਲੀਸ ਨੇ ਇਨ੍ਹਾਂ ਦੇ ਦੋ ਹੋਰ ਸਾਥੀਆਂ ਨੂੰ ਛਾਉਣੀ ਸਥਿਤ ਸ਼ੇਰਸ਼ਾਹ ਵਾਲੇ ਚੌਕ ਵਿੱਚੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅਕਾਸ਼ਦੀਪ ਉਰਫ਼ ਅਕਾਸ਼ ਵਾਸੀ ਪਿੰਡ ਪੀਰ ਕੇ ਅਤੇ ਜਸ਼ਨਪ੍ਰੀਤ ਸਿੰਘ ਉਰਫ਼ ਜੱਸ ਵਾਸੀ ਕੁਆਟਰ ਨੰਬਰ 6, ਸਿਵਲ ਹਸਪਤਾਲ ਫ਼ਰੀਦਕੋਟ ਵਜੋਂ ਕੀਤੀ ਗਈ ਹੈ। ਹਾਲਾਂਕਿ, ਦੋਵਾਂ ਮੁਲਜ਼ਮਾਂ ਕੋਲੋਂ ਅਜੇ ਤੱਕ ਕੋਈ ਇਤਰਾਜ਼ਯੋਗ ਸਮੱਗਰੀ ਬਰਾਮਦ ਨਹੀਂ ਹੋਈ ਹੈ ਪਰ ਪੁੱਛ ਪੜਤਾਲ ਦੌਰਾਨ ਪੁਲੀਸ ਨੂੰ ਇਨ੍ਹਾਂ ਕੋਲੋਂ ਕਈ ਅਹਿਮ ਜਾਣਕਾਰੀਆਂ ਮਿਲਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਹਰਿਆਣਾ ਪੁਲੀਸ ਨੇ ਕਰਨਾਲ ਖੇਤਰ ਵਿੱਚ ਪੰਜਾਬ ਦੇ ਚਾਰ ਅਤਿਵਾਦੀਆਂ ਨੂੰ ਧਮਾਕਾਖੇਜ਼ ਸਮੱਗਰੀ ਸਣੇ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਚਾਰਾਂ ਮੁਲਜ਼ਮਾਂ ਵਿੱਚੋਂ ਤਿੰਨ ਗੁਰਪ੍ਰੀਤ ਸਿੰਘ ਉਰਫ਼ ਗੋਪੀ ਉਸ ਦਾ ਭਰਾ ਅਮਨਦੀਪ ਸਿੰਘ ਅਤੇ ਪਰਮਿੰਦਰ ਸਿੰਘ ਫ਼ਿਰੋਜ਼ਪੁਰ ਦੇ ਮਖੂ ਇਲਾਕੇ ਦੇ ਰਹਿਣ ਵਾਲੇ ਸਨ, ਜਦ ਕਿ ਉਨ੍ਹਾਂ ਦਾ ਚੌਥਾ ਸਾਥੀ ਭੁਪਿੰਦਰ ਸਿੰਘ ਲੁਧਿਆਣਾ ਦਾ ਰਹਿਣ ਵਾਲਾ ਹੈ। ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਮਗਰੋਂ ਫ਼ਿਰੋਜ਼ਪੁਰ ਪੁਲੀਸ ਨੇ ਮਖੂ ਦੇ ਪਿੰਡ ਵਿੰਝੋ ਕੇ ਵਿੱਚ ਮੁਲਜ਼ਮਾਂ ਦੇ ਘਰ ਛਾਪਾ ਮਰ ਕੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ। ਐੱਸਐੱਸਪੀ ਚਰਨਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਪਤਾ ਲੱਗਾ ਕਿ ਇਨ੍ਹਾਂ ਮੁਲਜ਼ਮਾਂ ਦੇ ਦੋ ਹੋਰ ਸਾਥੀ ਅਕਾਸ਼ਦੀਪ ਅਤੇ ਜਸ਼ਨਪ੍ਰੀਤ ਨੇ ਵੀ ਉਨ੍ਹਾਂ ਨਾਲ ਮਿਲ ਕੇ ਡਰੋਨ ਰਾਹੀਂ ਪਾਕਿਸਤਾਨ ਤੋਂ ਧਮਾਕਾਖੇਜ਼ ਸਮੱਗਰੀ ਅਤੇ ਹਥਿਆਰਾਂ ਦੀ ਖੇਪ ਪ੍ਰਾਪਤ ਕੀਤੀ ਹੈ ਤੇ ਇਸ ਨੂੰ ਭਾਰਤ ਵਿੱਚ ਵੱਖ-ਵੱਖ ਥਾਵਾਂ ’ਤੇ ਪਹੁੰਚਾਇਆ ਹੈ।
ਬਾਰ੍ਹਵੀਂ ਦਾ ਵਿਦਿਆਰਥੀ ਹੈ ਜਸ਼ਨਦੀਪ ਸਿੰਘ
ਫ਼ਰੀਦਕੋਟ (ਜਸਵੰਤ ਜੱਸ): ਫਿਰੋਜ਼ਪੁਰ ਪੁਲੀਸ ਨੇ ਫ਼ਰੀਦਕੋਟ ਦੇ ਇੱਕ ਨੌਜਵਾਨ ਨੂੰ ਕਥਿਤ ਅਤਿਵਾਦੀਆਂ ਨਾਲ ਸਬੰਧ ਰੱਖਣ ਅਤੇ ਉਨ੍ਹਾਂ ਦੇ ਸਲੀਪਰ ਸੈੱਲਾਂ ਦੀ ਮਦਦ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਜਸ਼ਨਦੀਪ ਸਿੰਘ ਵਾਸੀ ਫ਼ਰੀਦਕੋਟ ਗੁਰਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਵਾਸੀ ਫਿਰੋਜ਼ਪੁਰ ਦਾ ਕਰੀਬੀ ਰਿਸ਼ਤੇਦਾਰ ਹੈ। ਫਿਰੋਜ਼ਪੁਰ ਪੁਲੀਸ ਨੇ ਦਾਅਵਾ ਕੀਤਾ ਕਿ ਜਸ਼ਨਦੀਪ ਸਿੰਘ ਕੁਝ ਦਿਨ ਪਹਿਲਾਂ ਗੁਰਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਨਾਲ ਹਜ਼ੂਰ ਸਾਹਿਬ ਗਿਆ ਸੀ। ਜਸ਼ਨਪ੍ਰੀਤ ਸਿੰਘ ਦੇ ਪਿਤਾ ਬੂਟਾ ਸਿੰਘ ਨੇ ਕਿਹਾ ਕਿ ਉਸ ਦੇ ਬੇਟੇ ਦੀ ਉਮਰ ਮਹਿਜ਼ 18 ਸਾਲ ਹੈ ਅਤੇ ਉਹ ਬਾਰ੍ਹਵੀਂ ਜਮਾਤ ਦੇ ਪੇਪਰ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਜਸ਼ਨਦੀਪ ਸਿੰਘ ਉਸ ਦਾ ਇਕਲੌਤਾ ਪੁੱਤਰ ਹੈ ਅਤੇ ਉਸ ਦਾ ਕਿਸੇ ਵੀ ਅਪਰਾਧਿਕ ਗਤੀਵਿਧੀ ਨਾਲ ਕੋਈ ਸਬੰਧ ਨਹੀਂ ਅਤੇ ਉਸ ਨੂੰ ਸਾਜ਼ਿਸ਼ ਤਹਿਤ ਮਾਮਲੇ ਵਿੱਚ ਫਸਾਇਆ ਗਿਆ ਹੈ।