ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਮਈ
ਪੰਜਾਬ ਪੁਲੀਸ ਨੇ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਦੋ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦਾ ਦੋਸ਼ ਹੈ ਕਿ ਇਹ ਅਤਿਵਾਦੀ ਕੈਨੇਡਾ ਵਸਦੇ ਜਥੇਬੰਦੀ ਦੇ ਮੁਖੀ ਹਰਦੀਪ ਸਿੰਘ ਨਿੱਝਰ ਦੀਆਂ ਹਦਾਇਤਾਂ ’ਤੇ ਕੰਮ ਕਰਦੇ ਸਨ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਅਤਿਵਾਦੀਆਂ ਦੀ ਸੂਚੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਵਿਚ 2018 ਦੀ ਫੇਰੀ ਦੌਰਾਨ ਵੀ ਦਿੱਤੀ ਸੀ। ਇਨ੍ਹਾਂ ਦੀ ਪਛਾਣ ਲਵਪ੍ਰੀਤ ਸਿੰਘ ਉਰਫ ਰਵੀ ਅਤੇ ਰਾਮ ਸਿੰਘ ਉਰਫ ਸੋਨੂ ਵਜੋਂ ਹੋਈ ਹੈ। ਇਨ੍ਹਾਂ ਦੀ ਗ੍ਰਿਫਤਾਰੀ ਜ਼ਿਲ੍ਹਾ ਮੋਗਾ ਦੇ ਪਿੰਡ ਮਹਿਣਾ ਵਿਚੋਂ ਹੋਈ ਹੈ। ਇਹ ਡੇਰਾ ਮੁਖੀ ਦੇ ਸ਼ਰਧਾਲੂ ਦੇ ਕਤਲ ਤੇ ਹੋਰ ਫਿਰੌਤੀਆਂ ਲਈ ਲੋੜੀਂਦੇ ਸਨ ਤੇ ਇਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ’ਤੇ ਡੇਰਾ ਸਿਰਸਾ ਦੇ ਸ਼ਰਧਾਲੂ ਤੋਂ ਬਦਲਾ ਲੈਣ ਦੀ ਯੋਜਨਾ ਸੀ। ਪੁਲੀਸ ਅਧਿਕਾਰੀ ਅਨੁਸਾਰ ਇਨ੍ਹਾਂ ਤੋਂ ਇਲਾਵਾ ਅਰਸ਼ਦੀਪ, ਰਮਨਦੀਪ ਤੇ ਚਰਨਜੀਤ ਸਿੰਘ ਦੀ ਸਹਿ ਸਾਜ਼ਿਸ਼ਘਾੜਿਆਂ ਵਜੋਂ ਪਛਾਣ ਹੋਈ ਹੈ ਜੋ ਕੈਨੇਡਾ ਵਿਚ ਲੁਕੇ ਹੋਏ ਹਨ ਜਦਕਿ ਕਮਲਜੀਤ ਸ਼ਰਮਾ ਉਰਫ ਕਮਲ ਭਗੌੜਾ ਹੈ।