ਸੰਜੀਵ ਬੱਬੀ
ਚਮਕੌਰ ਸਾਹਿਬ, 3 ਅਕਤੂਬਰ
ਚਮਕੌਰ ਸਾਹਿਬ-ਬੇਲਾ ਸੜਕ ’ਤੇ ਸਕਿੱਲ ਇੰਸਟੀਚਿਊਟ ਕੋਲ ਮੋਟਰਸਾਈਕਲ ਅਤੇ ਕਾਰ ਦੀ ਟੱਕਰ ਵਿੱਚ ਮਾਂ-ਪੁੱਤਰ ਦੀ ਮੌਤ ਹੋ ਗਈ ਤੇ ਦੋ ਬੱਚੀਆਂ ਜ਼ਖ਼ਮੀ ਹੋ ਗਈਆਂ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ (30) ਪੁੱਤਰ ਸਾਧੂ ਸਿੰਘ ਪਿੰਡ ਮੁੰਡੀਆਂ ਆਪਣੀ ਮਾਤਾ ਮਨਜੀਤ ਕੌਰ (55) ਸਮੇਤ ਆਪਣੀਆਂ ਬੇਟੀਆਂ ਹਰਸਿਮਰਨ ਕੌਰ (7) ਤੇ ਜਪਜੀਤ ਕੌਰ (2) ਨਾਲ ਮੋਟਰਸਾਈਕਲ ’ਤੇ ਕਸਬਾ ਬੇਲਾ ਤੋਂ ਆਪਣੇ ਪਿੰਡ ਆ ਰਿਹਾ ਸੀ। ਸਕਿੱਲ ਇੰਸਟੀਚਿਊਟ ਨੇੜੇ ਸਾਹਮਣੇ ਤੋਂ ਆ ਰਹੀ ਇੱਕ ਕਾਰ ਨਾਲ ਉਨ੍ਹਾਂ ਦੀ ਟੱਕਰ ਹੋ ਗਈ, ਜਿਸ ਕਾਰਨ ਚਾਰੇ ਜਣੇ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸਥਾਨਕ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੋਂ ਇਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਸਰਕਾਰੀ ਹਸਪਤਾਲ ਰੂਪਨਗਰ ਲਈ ਰੈਫ਼ਰ ਕਰ ਦਿੱਤਾ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਦੀ ਰੂਪਨਗਰ ਜਾਂਦੇ ਸਮੇਂ ਤੇ ਮਨਜੀਤ ਕੌਰ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਦੋਵੇਂ ਬੱਚੀਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਗਈ ਹੈ। ਪੁਲੀਸ ਨੇ ਕਾਰ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਸੜਕ ਹਾਦਸਿਆਂ ਵਿੱਚ ਦੋ ਹਲਾਕ
ਬਸੀ ਗੁੱਜਰਾਂ ਨੇੜੇ ਸੜਕ ’ਤੇ ਖੜ੍ਹੇ ਟਰੈਕਟਰ ਟਰਾਲੀ ਵਿੱਚ ਮੋਟਰਸਾਈਕਲ ਵੱਜਣ ਨਾਲ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਖਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਗੁਰੂ ਨਾਨਕ ਐਨਕਲੇਵ ਲੁਧਿਆਣਾ ਵਜੋਂ ਹੋਈ ਹੈ। ਪੁਲੀਸ ਨੇ ਟਰੈਕਟਰ ਚਾਲਕ ਮਨੀ ਪਿੰਡ ਬਸੀ ਗੁੱਜਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਤੀਜੇ ਹਾਦਸੇ ਦੌਰਾਨ ਪਿੰਡ ਕੀੜੀ ਅਫ਼ਗਾਨਾ ਨੇੜੇ ਮੋਟਰਸਾਈਕਲ ਤੋਂ ਡਿੱਗ ਕੇ ਇੱਕ ਔਰਤ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹਰਸਿਮਰਨਜੀਤ ਸਿੰਘ ਪਿੰਡ ਰਤੀਪੁਰ ਆਪਣੀ ਪਤਨੀ ਗੁਰਿੰਦਰ ਕੌਰ ਨਾਲ ਮੋਟਰਸਾਈਕਲ ’ਤੇ ਜਾ ਰਿਹਾ ਸੀ ਤਾਂ ਅਚਾਨਕ ਗੁਰਿੰਦਰ ਕੌਰ ਮੋਟਰਸਾਈਕਲ ਤੋਂ ਡਿੱਗ ਗਈ ਅਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ।