ਪੱਤਰ ਪ੍ਰੇਰਕ
ਸੰਦੌੜ, 4 ਨਵੰਬਰ
ਪਿੰਡ ਕੁਠਾਲਾ-ਭੂਦਨ ਲਿੰਕ ਸੜਕ ‘ਤੇ ਲੰਘੀ ਰਾਤ ਕੰਬਾਈਨ ਤੇ ਮੋਟਰਸਾਈਕਲ ਦਰਮਿਆਨ ਟੱਕਰ ਹੋਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਪਿੰਡ ਬਿਸ਼ਨਗੜ੍ਹ ਬਈਏਵਾਲ ਦਾ ਰਹਿਣ ਵਾਲਾ ਜਸਪਾਲ ਸਿੰਘ ਪੁੱਤਰ ਅਮਰਜੀਤ ਸਿੰਘ ਤੇ ਗੁਰਮੀਤ ਸਿੰਘ ਸੈਟੀਂ ਪੁੱਤਰ ਦੇਵ ਸਿੰਘ, ਪਿੰਡ ਭੂਦਨ ਤੋਂ ਆਪਣੇ ਪਿੰਡ ਵੱਲ ਆ ਰਹੇ ਸਨ, ਜਦੋਂ ਪਿੰਡ ਕੁਠਾਲਾ ਨੇੜੇ ਉਨ੍ਹਾਂ ਦਾ ਮੋਟਰਸਾਈਕਲ ਉਥੋਂ ਲੰਘ ਰਹੀ ਕੰਬਾਈਨ ਨਾਲ ਟਕਰਾ ਗਿਆ। ਚਸ਼ਮਦੀਦਾਂ ਅਨੁਸਾਰ ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਮੋਟਰਸਾਈਕਲ ਸਵਾਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਥਾਣਾ ਸੰਦੌੜ ਦੇ ਮੁੱਖ ਅਫ਼ਸਰ ਸੁਖਵਿੰਦਰ ਸਿੰਘ ਨੇ ਪੁਲੀਸ ਪਾਰਟੀ ਸਣੇ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰਨ ਮਗਰੋਂ ਕੰਬਾਈਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਮਰਨ ਵਾਲਿਆਂ ‘ਚੋਂ ਇੱਕ ਤਿੰਨ ਧੀਆਂ ਤੇ ਦੂਜਾ ਇੱਕ ਧੀ ਦਾ ਪਿਤਾ ਸੀ।