ਸੰਜੀਵ ਬੱਬੀ
ਚਮਕੌਰ ਸਾਹਿਬ, 18 ਮਈ
ਪਿੰਡ ਬਸੀ ਗੁੱਜਰਾਂ ਵਿੱਚ ਅਨਾਜ ਮੰਡੀ ਨੇੜੇ ਬਣੇ ਮੱਝਾਂ ਦੇ ਫਾਰਮ ਵਿੱਚ ਅੱਜ ਇੱਕ 40 ਫੁੱਟ ਡੁੰਘੀ ਖੂਹੀ ਵਿੱਚ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਥਾਣਾ ਮੁਖੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਸਤਨਾਮ ਸਿੰਘ ਸੱਤਾ ਦੇ ਬਣੇ ਮੱਝਾਂ ਦੇ ਫਾਰਮ ਵਿੱਚ 40 ਫੁੱਟ ਡੂੰਘੀ ਖੂਹੀ ਵਿੱਚ ਰੱਖੀ ਹੋਈ ਪਾਣੀ ਵਾਲੀ ਮੋਟਰ ਦੀ ਰਿਪੇਅਰ ਦਾ ਕੰਮ ਮਿਸਤਰੀ ਰਾਮ ਮੂਰਤੀ ਕਰ ਰਿਹਾ ਸੀ, ਜਦਕਿ ਸਤਨਾਮ ਸਿੰਘ ਸੱਤਾ ਦਾ ਪਿਤਾ ਰਾਮ ਨਾਥ (64) ਪੁੱਤਰ ਸਰਵਣ ਰਾਮ ਖੂਹੀ ਦੇ ਸਿਰੇ ’ਤੇ ਮੋਟਰ ਨੂੰ ਰੱਸੇ ਨਾਲ ਫੜੀ ਖੜ੍ਹਾ ਸੀ। ਇਸ ਵੇਲੇ ਜਸਵਿੰਦਰ ਸਿੰਘ (42) ਪੁੱਤਰ ਅਜੀਤ ਸਿੰਘ ਵੀ ਚੱਲਦੇ ਕੰਮ ਨੂੰ ਵੇਖਣ ਲਈ ਆ ਗਿਆ।
ਜਦੋਂ ਰਾਮ ਨਾਥ ਤੇ ਜਸਵਿੰਦਰ ਸਿੰਘ ਖੂਹੀ ਵਿੱਚ ਮਿਸਤਰੀ ਨੂੰ ਕੰਮ ਕਰਦਾ ਵੇਖ ਰਹੇ ਸਨ ਤਾਂ ਅਚਾਨਕ ਦੋਵੇਂ ਖੂਹੀ ਵਿੱਚ ਡਿੱਗ ਪਏ। ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਨਾਲ ਦੋਵਾਂ ਨੂੰ ਖੂਹੀ ਵਿੱਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਚਮਕੌਰ ਸਾਹਿਬ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਵਿੱਚ ਮਿਸਤਰੀ ਰਾਮ ਮੂਰਤੀ ਦੇ ਵੀ ਕੁਝ ਸੱਟਾਂ ਵੱਜੀਆਂ ਹਨ। ਪੁਲੀਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਲੈਣ ਤੋਂ ਬਾਅਦ ਕਾਰਵਾਈ ਪੂਰੀ ਕਰਦਿਆਂ ਲਾਸ਼ਾਂ ਪਰਿਵਾਰਾਂ ਦੇ ਹਵਾਲੇ ਕਰ ਦਿੱਤੀਆਂ ਹਨ।