ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ 2 ਸਤੰਬਰ
ਇੱਥੇ ਅੱਜ ਇੱਕ ਕਾਂਗਰਸੀ ਆਗੂ ਦੀ ਜਨ ਸਭਾ ’ਚ ਅਚਾਨਕ ਗੋਲੀ ਚੱਲਣ ਕਾਰਨ ਦੋ ਵਿਅਕਤੀ ਜ਼ਖ਼ਮੀ ਹੋ ਗਏ। ਗੋਲੀ ਚੱਲਣ ਦਾ ਮਾਮਲਾ ਹਾਲੇ ਬੁਝਾਰਤ ਬਣਿਆ ਹੋਇਆ ਤੇ ਤਲਵੰਡੀ ਪੁਲੀਸ ਘਟਨਾ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ਼ ਸਿੰਘ ਜਟਾਣਾ ਨੇ ਸਥਾਨਕ ਗੁਰੂ ਕਾਸ਼ੀ ਕਾਲਜ ਰੋਡ ਸਥਿਤ ਦਲਿਤਾਂ ਦੀ ਧਰਮਸ਼ਾਲਾ ਵਿੱਚ ਜਨ ਸਭਾ ਰੱਖੀ ਹੋਈ ਸੀ ਅਤੇ ਧਰਮਸ਼ਾਲਾ ਦੇ ਨਵੀਨੀਕਰਨ ਦਾ ਉਦਘਾਟਨ ਵੀ ਕਰਨਾ ਸੀ। ਜਨ ਸਭਾ ਨੂੰ ਸੰਬੋਧਨ ਕਰਨ ਉਪਰੰਤ ਸ੍ਰੀ ਜਟਾਣਾ ਜਦੋਂ ਉਦਘਾਟਨ ਕਰਨ ਲੱਗੇ ਤਾਂ ਕੁਝ ਦੂਰੀ ਤੋਂ ਅਚਾਨਕ ਗੋਲੀ ਚੱਲਣ ਦੀ ਆਵਾਜ਼ ਆਈ ਅਤੇ ਹਫ਼ੜਾ ਦਫ਼ੜੀ ਮੱਚ ਗਈ।
ਸੂਤਰਾਂ ਦਾ ਕਹਿਣਾ ਹੈ ਕਿ ਸਥਾਨਕ ਸ਼ਹਿਰ ਦੇ ਇੱਕ ਕਾਂਗਰਸੀ ਆਗੂ ਦੇ ਨਿੱਜੀ ਗੰਨਮੈਨ ਦੀ ਬੰਦੂਕ ਅਚਾਨਕ ਜ਼ਮੀਨ ’ਤੇ ਡਿੱਗਣ ਕਾਰਨ ਉਸ ਵਿੱਚੋਂ ਗੋਲੀ ਚੱਲ ਗਈ। ਉੱਥੇ ਖੜ੍ਹੇ ਦੋ ਵਿਅਕਤੀ ਪੂਰਨ ਸਿੰਘ ਅਤੇ ਸੁਖਵਿੰਦਰ ਸਿੰਘ ਗੋਲੀ ਦੇ ਛਰ੍ਹੇ ਲੱਤਾਂ ਅਤੇ ਪੈਰਾਂ ਵਿੱਚ ਲੱਗਣ ਕਰਕੇ ਜ਼ਖ਼ਮੀ ਹੋ ਗਏ। ਜ਼ਖ਼ਮੀ ਪੂਰਨ ਸਿੰਘ ਨੂੰ ਬਠਿੰਡਾ ਜਦਕਿ ਸੁਖਵਿੰਦਰ ਸਿੰਘ ਨੂੰ ਇੱਥੋਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਸੁਖਵਿੰਦਰ ਸਿੰਘ ਨੂੰ ਇਲਾਜ ਉਪਰੰਤ ਛੁੱਟੀ ਦੇ ਦਿੱਤੀ ਗਈ।