ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਜੂਨ
ਇਥੇ ਜਲੰਧਰ ਬਾਈਪਾਸ ਸਥਿਤ ਪਿੰਡ ਭੌਰਾ ਵਿੱਚ ਸ਼ਨਿਚਰਵਾਰ ਤੜਕੇ 3 ਵਜੇ ਦੇ ਕਰੀਬ ਮੀਂਹ ਕਾਰਨ ਇੱਕ ਮਕਾਨ ਡਿੱਗ ਗਿਆ। ਇਸ ਘਟਨਾ ਵਿੱਚ ਪਰਿਵਾਰ ਦੀ ਦੋ ਸਾਲਾਂ ਦੀ ਬੱਚੀ ਤੇ ਉਸ ਦੇ ਚਾਚੇ ਦੀ ਮੌਤ ਹੋ ਗਈ ਅਤੇ ਚਾਰ ਜੀਅ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਦਿਵਿਆ ਅਤੇ ਨਾਨਕ ਵਜੋਂ ਹੋਈ ਹੈ, ਜਦਕਿ ਜ਼ਖ਼ਮੀਆਂ ਵਿੱਚ ਵਿਜੈ ਕੁਮਾਰ, ਨੰਦਨੀ ਤੇ ਰੌਸ਼ਨੀ ਦੇ ਨਾਲ-ਨਾਲ ਉਨ੍ਹਾਂ ਦੀ ਮਾਂ ਮਧੂ ਸ਼ਾਮਲ ਹੈ। ਥਾਣਾ ਸਲੇਮ ਟਾਬਰੀ ਦੀ ਪੁਲੀਸ ਨੇ ਜਾਂਚ ਤੋਂ ਬਾਅਦ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲੇ ਵਿਜੈ ਕੁਮਾਰ ਨੇ ਦੱਸਿਆ ਕਿ ਉਸ ਦੀਆਂ ਤਿੰਨ ਲੜਕੀਆਂ ਹਨ, ਜਿਨ੍ਹਾਂ ਵਿੱਚੋਂ ਦਿਵਿਆ ਸਭ ਤੋਂ ਛੋਟੀ ਸੀ। ਇਸ ਤੋਂ ਇਲਾਵਾ ਘਰ ’ਚ ਉਸ ਦਾ ਭਰਾ ਨਾਨਕ ਵੀ ਰਹਿੰਦਾ ਸੀ।
ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ): ਪਿੰਡ ਲੱਖੇਵਾਲੀ ਦੇ ਇੱਕ ਮਜ਼ਦੂਰ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਕਾਰਨ ਮਜ਼ਦੂਰ ਗੁਰਦੇਵ ਸਿੰਘ ਦੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਨੂੰ ਸੱਟਾਂ ਲੱਗੀਆਂ ਹਨ। ਇਸੇ ਦੌਰਾਨ ਪਿੰਡ ਕੋਟਲੀ ਸੰਘਰ ਵਿੱਚ ਰਾਤ ਇਕ ਗ਼ਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਪਈ। ਪੀੜਤ ਚਰਨਜੀਤ ਕੌਰ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਮਕਾਨ ਦੀ ਉਸਾਰੀ ਲਈ ਲੋੜੀਂਦੀ ਗ੍ਰਾਂਟ ਦਿੱਤੀ ਜਾਵੇ।