ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 3 ਜੂਨ
ਇਥੇ ਉੱਚੀ ਪਾਣੀ ਵਾਲੀ ਟੈਂਕੀ ’ਤੇ ਚੜ੍ਹੀਆਂ ਪੰਜਾਬ ਪੁਲੀਸ ਭਰਤੀ-2016 ਦੀਆਂ ਉਮੀਦਵਾਰ ਸੱਤ ਲੜਕੀਆਂ ਨੇ ਅੱਜ ਵੀ ਆਪਣਾ ਸੰਘਰਸ਼ ਜਾਰੀ ਰੱਖਿਆ। ਅੱਜ ਤੀਜੇ ਦਿਨ ਦੋ ਲੜਕੀਆਂ ਨੂੰ ਬੁਖ਼ਾਰ ਚੜ੍ਹਨ ਦੀ ਖ਼ਬਰ ਮਿਲੀ ਹੈ, ਪਰ ਉਕਤ ਭਰਤੀ ਉਮੀਦਵਾਰਾਂ ਨੇ ਮੰਗਾਂ ਦੀ ਪ੍ਰਾਪਤੀ ਤੱਕ ਟੈਂਕੀ ’ਤੇ ਹੀ ਡਟੇ ਰਹਿਣ ਦਾ ਫੈ਼ਸਲਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੈਰਿਟ ਸੂਚੀ ਵਿੱਚ ਨਾਮ ਦਰਜ ਕਰਕੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਨਹੀਂ ਸੌਂਪੇ ਜਾਂਦੇ, ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਇਸ ਦੌਰਾਨ ਟੈਂਕੀ ਹੇਠਾਂ ਪੱਕਾ ਮੋਰਚਾ ਲਗਾਈਂ ਬੈਠੇ ਪੰਜਾਬ ਪੁਲੀਸ ਭਰਤੀ 2016 ਦੇ ਉਮੀਦਵਾਰਾਂ ’ਚੋਂ ਪ੍ਰਮੁੱਖ ਆਗੂ ਲਖਵਿੰਦਰ ਸਿੰਘ ਨੇ ਦੱਸਿਆ ਕਿ ਟੈਂਕੀ ਉਪਰ ਚੜ੍ਹੀਆਂ ਲੜਕੀਆਂ ਵਿਚੋਂ ਅੱਜ ਸਰਬਜੀਤ ਕੌਰ ਅਤੇ ਹਰਦੀਪ ਕੌਰ ਨੂੰ ਬੁਖ਼ਾਰ ਸੀ, ਜਿਨ੍ਹਾਂ ਲਈ ਸਿਵਲ ਹਸਪਤਾਲ ਦੀ ਟੀਮ ਵੱਲੋਂ ਮਹਿਲਾ ਪੁਲੀਸ ਮੁਲਾਜ਼ਮ ਰਾਹੀਂ ਦਵਾਈ ਵੀ ਭੇਜੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਟੈਂਕੀ ’ਤੇ ਚੜ੍ਹੀਆ ਲੜਕੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਨਸ਼ਰ ਕਰਨ ਤੋਂ ਰੋਕਿਆ ਗਿਆ ਹੈ ਤੇ ਚਿਤਾਵਨੀ ਦਿੱਤੀ ਹੈ ਕਿ ਜੇ ਕੋਈ ਵੀ ਤਸਵੀਰ ਜਾਂ ਵੀਡੀਓ ਸੋਸ਼ਲ ਮੀਡੀਆ ’ਤੇ ਪਾਈ ਤਾਂ ਉਨ੍ਹਾਂ ਲਈ ਮਹਿਲਾ ਪੁਲੀਸ ਮੁਲਾਜ਼ਮ ਦੇ ਹੱਥ ਭੇਜਿਆ ਜਾਣ ਵਾਲਾ ਰਾਸ਼ਨ ਤੇ ਪਾਣੀ ਆਦਿ ਬੰਦ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ 25 ਦਿਨਾਂ ਤੋਂ ਉਹ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦੇ ਰਹੇ ਹਨ, ਪਰ ਪ੍ਰਸ਼ਾਸਨ ਵੱਲੋਂ ਵਾਰ ਵਾਰ ਸਿਰਫ਼ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਛੇਤੀ ਹੀ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਕਰਵਾਈ ਜਾਵੇਗੀ।