ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਫ਼ਿਰੋਜ਼ਪੁਰ/ਜ਼ੀਰਾ 3 ਜੁਲਾਈ
ਸਨ੍ਹੇਰ ਵਿੱਚੋਂ ਲੰਘਦੀ ਛੋਟੀ ਨਹਿਰ ਦੇ ਕਿਨਾਰੇ ਮੋਟਰਸਾਈਕਲ ਡਿੱਗਣ ਨਾਲ ਦੋ ਬੱਚੀਆਂ ਨਹਿਰ ’ਚ ਰੁੜ੍ਹ ਗਈਆਂ ਤੇ ਦੋਵਾਂ ਦੀ ਮੌਤ ਹੋ ਗਈ। ਦੋਵੇਂ ਸਕੀਆਂ ਭੈਣਾਂ ਸੀਰਤ ਤੇ ਕੋਮਲ ਦੀ ਉਮਰ ਕਰੀਬ ਚਾਰ ਸਾਲ ਤੇ ਸੱਤ ਸਾਲ ਹੈ। ਮੋਟਰਸਾਈਕਲ ਮ੍ਰਿਤਕ ਬੱਚੀਆਂ ਦਾ ਮਾਮਾ ਚਲਾ ਰਿਹਾ ਸੀ ਤੇ ਉਸ ਦੇ ਨਾਲ ਬੱਚੀਆਂ ਦੀ ਮਾਂ ਮਨਪ੍ਰੀਤ ਤੇ ਭਰਾ ਗੁਰਵੀਰ ਵੀ ਮੋਟਰਸਾਈਕਲ ’ਤੇ ਸਵਾਰ ਸਨ। ਜਾਣਕਾਰੀ ਅਨੁਸਾਰ ਮ੍ਰਿਤਕ ਬੱਚੀਆਂ ਦੇ ਪਿਤਾ ਬੋਹੜ ਸਿੰਘ ਤੇ ਮਾਂ ਮਨਪ੍ਰੀਤ ਸ਼ੁੱਕਰਵਾਰ ਨੂੰ ਵਿਆਹ ਸਮਾਗਮ ਤੋਂ ਆਪਣੇ ਪਿੰਡ ਰਟੌਲ ਬੇਟ ਪਰਤੇ ਸਨ। ਕੁਝ ਚਿਰ ਮਗਰੋਂ ਬੋਹੜ ਸਿੰਘ ਦਾ ਸਾਲਾ ਲੱਲੀ ਵੀ ਉਨ੍ਹਾਂ ਦੇ ਘਰ ਆ ਗਿਆ। ਲੱਲੀ ਆਪਣੀ ਭੈਣ ਤੇ ਉਸ ਦੇ ਤਿੰਨੋਂ ਬੱਚਿਆਂ ਨੂੰ ਮੋਟਰਸਾਈਕਲ ’ਤੇ ਨਾਲ ਲੈ ਕੇ ਤੁਰ ਪਿਆ। ਜਦੋਂ ਉਹ ਜ਼ੀਰਾ ਤੋਂ ਸਨ੍ਹੇਰ ਵੱਲ ਜਾਂਦੀ ਨਹਿਰ ਨੇੜੇ ਪੁੱਜੇ ਤਾਂ ਮੋਟਰਸਾਈਕਲ ਬੇਕਾਬੂ ਹੋ ਗਿਆ ਤੇ ਦੋਵੇਂ ਬੱਚੀਆਂ ਨਹਿਰ ਵਿੱਚ ਜਾ ਡਿੱਗੀਆਂ।