ਸਰਬਜੀਤ ਸਿੰਘ ਭੰਗੂ
ਪਟਿਆਲਾ, 9 ਜੂਨ
ਸੀਆਈਏ ਸਟਾਫ਼ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਗੈਂਗਸਟਰ ਗਰੁੱਪਾਂ ਨਾਲ਼ ਸਬੰਧਤ ਦੋ ਨੌਜਵਾਨਾਂ ਨੂੰ ਚਾਰ ਪਿਸਤੌਲਾਂ ਸਣੇ ਕਾਬੂ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਐੱਸਐੱਸਪੀ ਦੀਪਕ ਪਾਰਿਕ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ, ਜਿਨ੍ਹਾਂ ਦੇ ਨਾਲ ਐੱਸਪੀ (ਡੀ) ਡਾ. ਮਹਿਤਾਬ ਸਿੰਘ ਅਤੇ ਡੀਐੱਸਪੀ (ਡੀ) ਅਜੇਪਾਲ ਸਿੰਘ ਸਮੇਤ ਇੰਸਪੈਕਟਰ ਸ਼ਮਿੰਦਰ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਇੰਸਪੈਕਟਰ ਸ਼ਮਿੰਦਰ ਦੀ ਟੀਮ ਦੇ ਹੱਥੇ ਚੜ੍ਹੇ ਇਨ੍ਹਾਂ ਮੁਲਜ਼ਮਾਂ ਵਿੱਚੋਂ ਸੰਦੀਪ ਸਿੰਘ ਟੋਪ ਵਾਸੀ ਪਿੰਡ ਡਾਬਾ ਜ਼ਿਲ੍ਹਾ ਲੁਧਿਆਣਾ ਦੇ ਕਬਜ਼ੇ ਵਿੱਚੋਂ ਤਿੰਨ ਪਿਸਤੌਲ ਬਰਾਮਦ ਹੋਏ ਹਨ। ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗਰੁੱਪ ਨਾਲ਼ ਸਬੰਧਤ ਹੈ। ਅਸਲ ’ਚ ਉਹ ਲਾਰੈਂਸ ਬਿਸ਼ਨੋਈ ਗਰੁੱਪ ਦੇ ਸਰਗਰਮ ਮੈਂਬਰ ਦੱਸੇ ਜਾਂਦੇ ਤਲਵਿੰਦਰ ਸਿੰਘ ਲੱਕੀ ਦਾ ਕਰੀਬੀ ਸਾਥੀ ਹੈ। ਲੱਕੀ ਨੂੰ ਵੀ ਕੁਝ ਸਮਾਂ ਪਹਿਲਾਂ ਹਥਿਆਰਾਂ ਸਮੇਤ ਪਟਿਆਲਾ ਪੁਲੀਸ ਵੱਲੋਂ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਟੀਮ ਵੱਲੋਂ ਕਾਬੂ ਕੀਤੇ ਗਏ ਇੱਕ ਹੋਰ ਮੁਲਜ਼ਮ ਦੀ ਪਛਾਣ ਜਸਵਿੰਦਰ ਸਿੰਘ ਜੱਸ ਵਾਸੀ ਪਿੰਡ ਭਾਗੀਕੇ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ। ਇਸ ਦੇ ਕਬਜ਼ੇ ਵਿੱਚੋਂ ਪਿਸਤੌਲ ਮਿਲਿਆ ਹੈ। ਪੁਲੀਸ ਮੁਖੀ ਨੇ ਦੱਸਿਆ ਕਿ ਜੱਸ ਦਾ ਸਬੰਧ ਗੈਂਗਸਟਰ ਜੈਪਾਲ ਭੁੱਲਰ ਦੇ ਗਰੁੱਪ ਨਾਲ ਹੈ। ਉਹ ਦਰਸ਼ਨ ਸਿੰਘ ਸਹੌਲੀ ਦਾ ਕਰੀਬੀ ਮਿੱਤਰ ਹੈ। ਦਰਸ਼ਨ ਸਹੌਲੀ ਜਗਰਾਓਂ ਵਿੱਚ ਦੋ ਥਾਣੇਦਾਰਾਂ ਦੇ ਹੋਏ ਕਤਲ ’ਚ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਨੂੰ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਜਸਪਾਲ ਸਿੰਘ ਅਤੇ ਹੋਰ ਪੁਲੀਸ ਮੁਲਾਜ਼ਮਾਂ ਨੇ ਕਾਬੂ ਕੀਤਾ। ਉਧਰ, ਡੀਐੱਸਪੀ ਡੀ ਅਜੈਪਾਲ ਸਿੰਘ ਨੇ ਦੱਸਿਆ ਕਿ ਦੋਵਾਂ ਦੇ ਖ਼ਿਲਾਫ਼ ਥਾਣਾ ਪਸਿਆਣਾ ਵਿੱਚ ਕੇਸ ਦਰਜ ਕੀਤਾ ਗਿਆ ਹੈ।