ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 27 ਜਨਵਰੀ
ਕਾਂਗਰਸ ਵੱਲੋਂ ਬੀਤੇ ਦਿਨ ਜਾਰੀ ਕੀਤੀ ਗਈ 23 ਉਮੀਦਵਾਰਾਂ ਦੀ ਦੂਜੀ ਸੂਚੀ ’ਚ ਰਾਖਵਾਂ ਹਲਕਾ ਜਗਰਾਉਂ ਵੀ ਸ਼ਾਮਲ ਹੈ। ਇੱਥੇ ਇਸ ਵਾਰ ਦੋ ਅਜਿਹੇ ਉਮੀਦਵਾਰ ਆਹਮੋ-ਸਾਹਮਣੇ ਆ ਗਏ ਹਨ, ਜਿਨ੍ਹਾਂ ਪਹਿਲਾਂ ‘ਆਪ’ ਵੱਲੋਂ ਵਿਧਾਇਕ ਰਹਿੰਦੇ ਹੋਏ ਇਕੱਠਿਆਂ ਕੰਮ ਕੀਤਾ ਸੀ। ਸਾਲ 2017 ’ਚ ‘ਆਪ’ ਦੀ ਟਿਕਟ ’ਤੇ ਰਾਖਵਾਂ ਹਲਕਾ ਰਾਏਕੋਟ ਤੋਂ ਵਿਧਾਇਕ ਚੁਣੇ ਗਏ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੂੰ ਹੁਣ ਕਾਂਗਰਸ ਨੇ ਜਗਰਾਉਂ ਤੋਂ ਟਿਕਟ ਦਿੱਤੀ ਹੈ, ਜੋ ਕੁਝ ਸਮਾਂ ਪਹਿਲਾਂ ਹੀ ਕਾਂਗਰਸ ’ਚ ਸ਼ਾਮਲ ਹੋਏ ਸਨ। ਉਹ 25 ਨਵੰਬਰ ਨੂੰ ਬਾਘਾ ਪੁਰਾਣਾ ਵਿੱਚ ਹੋਈ ਕਾਂਗਰਸ ਦੀ ਰੈਲੀ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ ਵਿੱਚ ਪਾਰਟੀ ’ਚ ਸ਼ਾਮਲ ਹੋਏ ਸਨ। 25 ਜਨਵਰੀ ਨੂੰ ਕਾਂਗਰਸ ਪਾਰਟੀ ਵੱਲੋਂ ਉਮੀਦਵਾਰਾਂ ਦੀ ਜਾਰੀ ਦੂਜੀ ਸੂਚੀ ’ਚ ਉਨ੍ਹਾਂ ਨੂੰ ਟਿਕਟ ਮਿਲ ਗਈ। 2017 ’ਚ ਹੀ ਜਗਰਾਉਂ ਤੋਂ ‘ਆਪ’ ਦੀ ਟਿਕਟ ’ਤੇ ਸਰਵਜੀਤ ਕੌਰ ਮਾਣੂੰਕੇ ਨੇ ਚੋਣ ਜਿੱਤੀ ਸੀ। ਇਹ ਦੋਵੇਂ ਕਰੀਬ ਪੌਣੇ ਪੰਜ ਸਾਲ ਇਕੋ ਪਾਰਟੀ ਦੇ ਵਿਧਾਇਕ ਵਜੋਂ ਸਰਗਰਮ ਰਹੇ ਤੇ ਸਾਂਝੀ ਰਣਨੀਤੀ ਉਲੀਕ ਕੇ ਕਾਂਗਰਸ ਖ਼ਿਲਾਫ਼ ਲੜਦੇ ਰਹੇ ਹਨ ਪਰ ਹੁਣ ਦੋਵੇਂ ਇਕੋ ਹਲਕੇ ਤੋਂ ਚੋਣ ਮੈਦਾਨ ’ਚ ਉੱਤਰੇ ਹਨ।
ਜ਼ਿਕਰਯੋਗ ਹੈ ਕਿ ਜੱਗਾ ਹਿੱਸੋਵਾਲ ਦਾ ਹਲਕਾ ਰਾਏਕੋਟ ਅਤੇ ਬੀਬੀ ਮਾਣੂੰਕੇ ਦਾ ਹਲਕਾ ਜਗਰਾਉਂ ਦੋਵੇਂ ਅਨੁਸੂਚਿਤ ਜਾਤੀ ਲਈ ਰਾਖਵੇਂ ਹਨ ਤੇ ਦੋਵੇਂ ਨਾਲ-ਨਾਲ ਲੱਗਦੇ ਹਨ। ਪਿਛਲੀਆਂ ਚੋਣਾਂ ਦੌਰਾਨ ਦੋਵੇਂ ਵੱਡੇ ਫਰਕ ਨਾਲ ਜਿੱਤੇ ਸਨ। ਸੰਪਰਕ ਕਰਨ ’ਤੇ ਬੀਬੀ ਮਾਣੂੰਕੇ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਲਾਈ ਡਿਊਟੀ ਤਨਦੇਹੀ ਨਾਲ ਨਿਭਾਅ ਰਹੇ ਹਨ ਤੇ ਲੋਕਾਂ ਦਾ ਪੂਰਾ ਸਾਥ ਮਿਲ ਰਿਹਾ ਹੈ। ਉਨ੍ਹਾਂ ਦੀ ਹੀ ਪਾਰਟੀ ਵੱਲੋਂ ਵਿਧਾਇਕ ਰਹੇ ਜੱਗਾ ਹਿੱਸੋਵਾਲ ਦੇ ਹੁਣ ਕਾਂਗਰਸ ਦੀ ਟਿਕਟ ’ਤੇ ਸਾਹਮਣੇ ਮੈਦਾਨ ’ਚ ਨਿੱਤਰ ਆਉਣ ਬਾਰੇ ਉਨ੍ਹਾਂ ਕਿਹਾ ਕਿ ਲੋਕ ਸਭ ਦੇਖਦੇ ਹਨ। ਦੂਜੇ ਪਾਸੇ ਵਿਧਾਇਕ ਜੱਗਾ ਹਿੱਸੋਵਾਲ ਨੇ ਕਿਹਾ ਕਿ ਉਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਥੋਂ ਐੱਸਆਰ ਕਲੇਰ ਉਮੀਦਵਾਰ ਹਨ, ਜੋ ਪਹਿਲਾਂ ਵੀ ਜਗਰਾਉਂ ਦੇ ਵਿਧਾਇਕ ਰਹਿ ਚੁੱਕੇ ਹਨ। ਇਨ੍ਹਾਂ ਵਿਚਕਾਰ ਤਿਕੋਣਾ ਮੁਕਾਬਲਾ ਹੋਣ ਦੇ ਆਸਾਰ ਬਣ ਰਹੇ ਹਨ।