ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 2 ਮਾਰਚ
ਇੱਥੇ ਗੁਰੂ ਤੇਗ ਬਹਾਦਰ ਟਰੱਕ ਯੂਨੀਅਨ ਵਿੱਚ ਮੌਜੂਦਾ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਦੀਆਂ ਧਿਰਾਂ ਦਰਮਿਆਨ ਹੋਏ ਟਕਰਾਅ ਦੌਰਾਨ ਦੋਵੇਂ ਧਿਰਾਂ ਦੇ 5 ਜਣੇ ਗੰਭੀਰ ਜ਼ਖ਼ਮੀ ਹੋ ਗਏ। ਇੱਥੇ ਸਿਵਲ ਹਸਪਤਾਲ ਵਿੱਚ ਦਾਖਲ ਸਾਬਕਾ ਪ੍ਰਧਾਨ ਹਰਜੀਤ ਸਿੰਘ ਬੀਟਾ ਤੂਰ ਨੇ ਦੱਸਿਆ ਕਿ ਉਹ ਪੁਰਾਣੇ ਪ੍ਰਧਾਨ ਜਗਮੀਤ ਸਿੰਘ ਭੋਲਾ ਬਲਿਆਲ ਤੋਂ ਉਸ ਦੇ ਕਾਰਜਕਾਲ ਦੌਰਾਨ ਦਾ 1.34 ਕਰੋੜ ਰੁਪਏ ਦਾ ਹਿਸਾਬ-ਕਿਤਾਬ ਮੰਗ ਰਹੇ ਸਨ, ਜੋ ਟਰੱਕ ਅਪਰੇਟਰਾਂ ਦੀ ਅਮਾਨਤ ਹੈ ਪਰ ਉਸ ਨੇ ਹਿਸਾਬ ਦੇਣ ਦੀ ਥਾਂ ਉਨ੍ਹਾਂ ’ਤੇ ਡਾਂਗਾਂ ਅਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਅਤੇ ਗੁਰਜੀਤ ਸਿੰਘ ਲਵਲੀ ਗੰਭੀਰ ਜ਼ਖ਼ਮੀ ਹੋ ਗਏ। ਦੂਜੇ ਪਾਸੇ ਇਸੇ ਹਸਪਤਾਲ ਵਿੱਚ ਦਾਖ਼ਲ ਸਾਬਕਾ ਪ੍ਰਧਾਨ ਜਗਮੀਤ ਸਿੰਘ ਭੋਲਾ ਬਲਿਆਲ ਨੇ ਦੱਸਿਆ ਕਿ ਮੌਜੂਦਾ ਪ੍ਰਧਾਨ ਸੁਖਜਿੰਦਰ ਸਿੰਘ ਬਿੱਟੂ ਤੂਰ ਤੇ ਹਰਜੀਤ ਸਿੰਘ ਬੀਟਾ ਸਮੇਤ ਕਈ ਜਣੇ ਇਕ ਅਪਰੇਟਰ ਮਲਕੀਤ ਸਿੰਘ ਨੂੰ ਕੁੱਟ ਰਹੇ ਸਨ, ਜਦੋਂ ਉਨ੍ਹਾਂ ਦੀ ਧਿਰ ਦਾ ਜਗਦੀਪ ਸਿੰਘ ਗੋਗੀ ਨਰਾਇਣਗੜ੍ਹ ਉਸ ਅਪਰੇਟਰ ਨੂੰ ਛੁਡਾਉਣ ਲੱਗਿਆ ਤਾਂ ਉਨ੍ਹਾਂ ਨੇ ਉਸ ਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਮਗਰੋਂ ਉਹ ਵੀ ਦੋਵਾਂ ਨੂੰ ਬਚਾਉਣ ਲਈ ਉੱਥੇ ਚਲੇ ਗਏ ਤਾਂ ਉਨ੍ਹਾਂ ਨੇ ਉਸ ’ਤੇ ਵੀ ਹਮਲਾ ਕਰ ਦਿੱਤਾ। ਦੋਵੇਂ ਧਿਰਾਂ ਨੇ ਪ੍ਰਸ਼ਾਸਨ ਤੋਂ ਇੱਕ-ਦੂਜੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
ਭਵਾਨੀਗੜ੍ਹ ਦੇ ਐੱਸਐੱਮਓ ਡਾ. ਮਹੇਸ਼ ਆਹੂਜਾ ਨੇ ਦੱਸਿਆ ਕਿ ਟਰੱਕ ਅਪਰੇਟਰਾਂ ਦੀ ਲੜਾਈ ਦੌਰਾਨ ਪੰਜ ਵਿਅਕਤੀ ਦਾਖ਼ਲ ਹੋਏ ਹਨ, ਜਿਨ੍ਹਾਂ ਵਿੱਚੋਂ ਜਗਦੀਪ ਸਿੰਘ ਗੋਗੀ ਨੂੰ ਸਿਰ ਦੀ ਗੰਭੀਰ ਚੋਟ ਕਾਰਨ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ ਹੈ। ਭਵਾਨੀਗੜ੍ਹ ਦੇ ਥਾਣਾ ਮੁਖੀ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਦੋਵੇਂ ਧਿਰਾਂ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।