ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 10 ਜੂਨ
ਗਰਮੀ ਕਾਰਨ ਅੱਜ ਇਥੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਇੱਕ ਵਿਅਕਤੀ ਦੀ ਸਿਹਤ ਖਰਾਬ ਹੋਣ ’ਤੇ ਸਹਾਰਾ ਵਾਲੰਟੀਅਰਾਂ ਵੱਲੋਂ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਸਮਾਜਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਆਗੂ ਸੰਦੀਪ ਗੋਇਲ ਤੇ ਰਾਜਿੰਦਰ ਕੁਮਾਰ ਅਨੁਸਾਰ ਇਥੇ ਬੀਬੀ ਵਾਲਾ ਰੋਡ ’ਤੇ ਇੱਕ ਰਿਕਸ਼ਾ ਚਾਲਕ ਗਰਮੀ ਕਾਰਨ ਚੱਕਰ ਆਉਣ ’ਤੇ ਡਿੱਗ ਪਿਆ ਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖ਼ਤ ਹਾਲੇ ਨਹੀਂ ਹੋ ਸਕੀ ਹੈ। ਇਸੇ ਤਰ੍ਹਾਂ ਨਿਗਮ ਦਫ਼ਤਰ ਨੇੜੇ ਬਣੇ ਵਰਾਂਡਿਆਂ ’ਚ ਇੱਕ ਤਪਦਿਕ ਦਾ ਮਰੀਜ਼ ਗਰਮੀ ਨਾ ਸਹਾਰਦਾ ਹੋਇਆ ਦਮ ਤੋੜ ਗਿਆ। ਉਸ ਦੀ ਪਛਾਣ ਇਤਵਾਰ ਦਾਸ (60) ਵਜੋਂ ਹੋਈ ਹੈ। ਇਕ ਹੋਰ ਘਟਨਾ ਵਿੱਚ ਰੇਲਵੇ ਸਟੇਸ਼ਨ ’ਤੇ ਇੱਕ ਬੇਸਹਾਰਾ ਵਿਅਕਤੀ ਰਾਮ ਲਾਲ ਦੀ ਗਰਮੀ ਕਾਰਨ ਸਿਹਤ ਵਿਗੜ ਗਈ, ਜਿਸ ਨੂੰ ਸਹਾਰਾ ਵਰਕਰਾਂ ਨੇ ਹਸਪਤਾਲ ਦਾਖ਼ਲ ਕਰਵਾਇਆ ਹੈ।