ਸੁਭਾਸ਼ ਚੰਦਰ/ਅਸ਼ਵਨੀ ਗਰਗ
ਸਮਾਣਾ 19 ਜੂਨ
ਨੇੜਲੇ ਪਿੰਡ ਦੋਦੜਾ ਵਿੱਚ ਲੱਗੇ ਗੋਬਰ ਗੈਸ ਪਲਾਂਟ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਅੱਜ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਦਰਸ਼ਨ ਸਿੰਘ (55) ਪੁੱਤਰ ਦਿਆ ਸਿੰਘ ਅਤੇ ਗੁਰਧਿਆਨ ਸਿੰਘ (28) ਪੁੱਤਰ ਲਾਭ ਸਿੰਘ ਵਜੋਂ ਹੋਈ ਹੈ।
ਮਵੀਕਲਾਂ ਚੌਕੀ ਦੇ ਮੁਖੀ ਸਬ-ਇੰਸਪੈਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਦਰਸ਼ਨ ਸਿੰਘ ਦੇ ਪੁੱਤਰ ਗੁਰਵਿੰਦਰ ਸਿੰਘ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਅਨੁਸਾਰ ਉਨ੍ਹਾਂ ਦੇ ਘਰ ਵਿੱਚ ਗੋਬਰ ਗੈਸ ਪਲਾਂਟ ਲੱਗਿਆ ਹੋਇਆ ਹੈ। ਅੱਜ ਪਾਈਪ ਵਿੱਚ ਆਈ ਤਕਨੀਕੀ ਖਰਾਬੀ ਠੀਕ ਕਰਨ ਜਦੋਂ ਦਰਸ਼ਨ ਸਿੰਘ ਪਲਾਂਟ ਦੇ ਖੂਹ ਵਿਚ ਉਤਰਿਆ ਤਾਂ ਉਹ ਬੇਹੋਸ਼ ਹੋ ਕੇ ਡਿੱਗ ਗਿਆ। ਇਸ ਮਗਰੋਂ ਦਰਸ਼ਨ ਸਿੰਘ ਨੂੰ ਦੇਖਣ ਲਈ ਉਨ੍ਹਾਂ ਦਾ ਗੁਆਂਢੀ ਗੁਰਧਿਆਨ ਸਿੰਘ ਖੂਹ ਵਿੱਚ ਉਤਰਿਆ ਤਾਂ ਉਸ ਨੂੰ ਵੀ ਗੈਸ ਚੜ੍ਹ ਗਈ। ਪਰਿਵਾਰ ਵੱਲੋਂ ਰੌਲਾ ਪਾਉਣ ’ਤੇ ਇਲਾਕਾ ਵਾਸੀ ਇਕੱਠੇ ਹੋ ਗਏ। ਪਲਾਂਟ ਵਿਚ ਗੈਸ ਜ਼ਿਆਦਾ ਹੋਣ ਕਾਰਨ ਉਨ੍ਹਾਂ ਜੇਸੀਬੀ ਮਸ਼ੀਨ ਦੀ ਸਹਾਇਤਾ ਨਾਲ ਦੋਹਾਂ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।
ਮਾਮਲੇ ਦੇ ਜਾਂਚ ਕਰ ਰਹੇ ਸਬ-ਇੰਸਪੈਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਰਸ਼ਨ ਸਿੰਘ ਦੇ ਪੁੱਤਰ ਗੁਰਵਿੰਦਰ ਸਿੰਘ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਦੇ ਆਧਾਰ ’ਤੇ ਉਨ੍ਹਾਂ ਧਾਰਾ 174 ਤਹਿਤ ਕਾਰਵਾਈ ਕਰਦਿਆਂ ਦੋਹਾਂ ਦੀਆਂ ਲਾਸ਼ਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਹਨ।