ਜਗਮੋਹਨ ਸਿੰਘ
ਰੂਪਨਗਰ/ਘਨੌਲੀ, 7 ਅਗਸਤ
ਪੁਲੀਸ ਚੌਕੀ ਭਰਤਗੜ੍ਹ ਅਧੀਨ ਪੈਂਦੇ ਬੜਾ ਪਿੰਡ ਅਤੇ ਕੁੰਡਲੂ ਨਦੀ ਨੇੜੇ ਬੀਤੀ ਰਾਤ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ 31 ਵਿਅਕਤੀ ਜ਼ਖ਼ਮੀ ਹੋ ਗਏ ਹਨ। ਤਫਤੀਸ਼ੀ ਅਫ਼ਸਰ ਏਐੱਸਆਈ ਸੁਸ਼ੀਲ ਕੁਮਾਰ ਅਨੁਸਾਰ ਹਰਿਆਣਾ ਦੇ ਕਸਬਾ ਫਤਿਆਬਾਦ ਨੇੜੇ ਪੈਂਦੇ ਪਿੰਡ ਇੰਦਾ ਸ਼ੂਈ ਤੋਂ ਵੱਡੀ ਗਿਣਤੀ ਸ਼ਰਧਾਲੂ ਟਰੈਕਟਰ-ਟਰਾਲੀ ’ਤੇ ਨੈਣਾਂ ਦੇਵੀ ਦਰਸ਼ਨ ਕਰਨ ਲਈ ਜਾ ਰਹੇ ਸਨ। ਜਦੋਂ ਉਹ ਬੜਾ ਪਿੰਡ ਦੀ ਉਤਰਾਈ ਨੇੜੇ ਪਹੁੰਚੇ ਤਾਂ ਸੰਤੁਲਨ ਵਿਗੜਨ ਕਰਕੇ ਟਰਾਲੀ ਪਲਟ ਗਈ। ਇਸ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ 30 ਜ਼ਖਮੀ ਹੋਏ ਹਨ। ਮੌਕੇ ’ਤੇ ਪਹੁੰਚੇ ਪੁਲੀਸ ਮੁਲਾਜ਼ਮਾਂ ਨੇ ਉਥੇ ਮੌਜੂਦ ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਕਮਿਊਨਿਟੀ ਸਿਹਤ ਕੇਂਦਰ ਭਰਤਗੜ੍ਹ ਵਿੱਚ ਪਹੁੰਚਾਇਆ। ਇਨ੍ਹਾਂ ਵਿਚੋਂ ਜੱਗਰ (41) ਪੁੱਤਰ ਸ਼ਿਵ ਚੰਦ ਅਤੇ ਨਵਾਬਦੀਨ (19) ਪੁੱਤਰ ਪਿਆਰਾ ਰਾਮ ਦੋਵੇਂ ਵਾਸੀ ਇੰਦਾ ਸ਼ੂਈ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਕੁਝ ਦੀ ਹਾਲਤ ਗੰਭੀਰ ਹੋਣ ਕਾਰਨ ਸਿਵਲ ਹਸਪਤਾਲ ਰੂਪਨਗਰ ਤੇ ਪੀਜੀਆਈ ਚੰਡੀਗੜ੍ਹ ਲਈ ਰੈਫਰ ਕੀਤਾ ਗਿਆ ਹੈ।
ਦੂਸਰਾ ਹਾਦਸਾ ਕੁੰਡਲੂ ਨਦੀ ਨੇੜੇ ਵਾਪਰਿਆ ਜਦੋਂ ਚੰਡੀਗੜ੍ਹ ਤੋਂ ਊਧਮਪੁਰ ਜਾ ਰਹੀ ਤੇਜ਼ ਰਫਤਾਰ ਕਾਰ ਦਾ ਸੰਤੁਲਨ ਵਿਗੜਨ ਕਰਕੇ ਉਹ ਕੁੰਡਲੂ ਨਦੀ ਵਿੱਚ ਡਿੱਗ ਗਈ। ਕਾਰ ਸਵਾਰ ਇੱਕ ਔਰਤ ਗੰਭੀਰ ਜ਼ਖ਼ਮੀ ਹੋਈ ਹੈ, ਜਿਸ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਦਾਖ਼ਲ ਕਰਵਾਇਆ ਗਿਆ ਹੈ। ਬਾਕੀ ਕਾਰ ਸਵਾਰਾਂ ਦਾ ਬਚਾਅ ਹੋ ਗਿਆ ਹੈ। ਜਾਣਕਾਰੀ ਅਨੁਸਾਰ ਇਹ ਪਰਿਵਾਰ ਊਧਮਪੁਰ ਵਿੱਚ ਤਾਇਨਾਤ ਆਪਣੇ ਫੌਜੀ ਪੁੱਤ ਨੂੰ ਮਿਲਣ ਜਾ ਰਿਹਾ ਸੀ।
ਸੜਕ ਹਾਦਸੇ ਵਿੱਚ ਪਿਓ-ਪੁੱਤਰ ਦੀ ਮੌਤ; ਮਾਂ-ਧੀ ਜ਼ਖਮੀ
ਸ੍ਰੀ ਫ਼ਤਹਿਗੜ੍ਹ ਸਾਹਿਬ (ਪੱਤਰ ਪ੍ਰੇਰਕ): ਸਰਹਿੰਦ-ਭਾਦਸੋਂ ਸੜਕ ’ਤੇ ਹਾਦਸੇ ’ਚ ਮੋਟਰਸਾਈਕਲ ਸਵਾਰ ਪਿਓ-ਪੁੱਤਰ ਦੀ ਮੌਤ ਹੋ ਗਈ ਜਦਕਿ ਮਾਂ-ਧੀ ਜ਼ਖਮੀ ਹੋ ਗਈਆਂ। ਜਾਣਕਾਰੀ ਅਨੁਸਾਰ ਰਣਜੀਤ ਸਿੰਘ ਉਰਫ ਜੀਤ ਵਾਸੀ ਪਿੰਡ ਰਾਮਦਿੱਤੇ ਵਾਲਾ (ਮਾਨਸਾ) ਆਪਣੀ ਪਤਨੀ ਚਰਨਜੀਤ ਕੌਰ, ਪੁੱਤਰ ਬਲਕਰਨ ਸਿੰਘ(11), ਧੀ ਸੀਮੂ ਕੌਰ (5) ਨੂੰ ਮੋਟਰਸਾਈਕਲ ’ਤੇ ਬਿਠਾ ਕੇ ਮਾਤਾ ਸ੍ਰੀ ਨੈਣਾਂ ਦੇਵੀ ਦੇ ਦਰਸ਼ਨਾਂ ਲਈ ਗਿਆ ਸੀ ਜਿੱਥੋਂ ਵਾਪਸ ਆਉਂਦੇ ਸਮੇਂ ਜਦੋਂ ਉਨ੍ਹਾਂ ਪਿੰਡ ਮਲਕੋਮਾਜਰਾ ਦੀ ਹੱਦ ਟੱਪੀ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਉਨ੍ਹਾਂ ਦੇ ਮੋਟਰਸਾਈਕਲ ਦੀ ਟੱਕਰ ਹੋ ਗਈ। ਇਸ ਹਾਦਸੇ ’ਚ ਰਣਜੀਤ ਸਿੰਘ ਜੀਤ ਅਤੇ ਉਸ ਦੇ ਪੁੱਤਰ ਬਲਕਰਨ ਸਿੰਘ ਦੀ ਮੌਤ ਹੋ ਗਈ ਤੇ ਉਸ ਦੀ ਪਤਨੀ ਚਰਨਜੀਤ ਕੌਰ ਅਤੇ ਧੀ ਸੀਮੂ ਕੌਰ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਇਲਾਜ ਲਈ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਥਾਣਾ ਸਰਹਿੰਦ ਦੀ ਪੁਲੀਸ ਨੇ ਅਣਪਛਾਤੇ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਹੈ।