ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 29 ਜੂਨ
ਇਥੇ ਅੱਜ ਗਰਮੀ ਨਾਲ ਇਕ ਔਰਤ ਤੇ ਇਕ ਡਰਾਈਵਰ ਦੀ ਮੌਤ ਹੋ ਗਈ। ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਾਲੰਟੀਅਰ ਸੰਦੀਪ ਗਿੱਲ ਤੇ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਇੱਥੇ ਮਾਲ ਗੁਦਾਮ ਰੋਡ ’ਤੇ ਸਥਿਤ ਨਗਰ ਨਿਗਮ ਦਫ਼ਤਰ ਨੇੜੇ ਕਰੀਬ 80 ਸਾਲਾ ਬਿਰਧ ਔਰਤ ਦੀ ਗਰਮੀ ਕਾਰਨ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਲੋਕਾਂ ਅਨੁਸਾਰ ਕਰੀਬ ਮਹੀਨਾ ਪਹਿਲਾਂ ਇਸ ਔਰਤ ਨੂੰ ਕੁਝ ਵਿਅਕਤੀ ਛੱਡ ਗਏ ਸਨ। ਸਹਾਰਾ ਵਰਕਰਾਂ ਵੱਲੋਂ ਸੂਚਨਾ ਦੇਣ ’ਤੇ ਕੋਤਵਾਲੀ ਪੁਲੀਸ ਉਥੇ ਪਹੁੰਚੀ ਅਤੇ ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ। ਸਹਾਰਾ ਕਾਰਕੁਨਾਂ ਅਨੁਸਾਰ ਇਸੇ ਤਰ੍ਹਾਂ ਥਾਣਾ ਕੈਨਾਲ ਕਲੋਨੀ ਨੇੜੇ ਛੋਟੇ ਹਾਥੀ ਦਾ ਡਰਾਈਵਰ ਜਦੋਂ ਰੋਟੀ ਖਾ ਕੇ ਆਪਣੀ ਗੱਡੀ ’ਚ ਬੈਠਣ ਲੱਗਿਆਂ ਚੱਕਰ ਆਉਣ ਕਰਕੇ ਡਿੱਗ ਪਿਆ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਪ੍ਰਿਤਪਾਲ ਸਿੰਘ ਵਾਸੀ ਬਠਿੰਡਾ ਵਜੋਂ ਹੋਈ।