ਦੇਵਿੰਦਰ ਸਿੰਘ ਜੱਗੀ
ਪਾਇਲ, 24 ਮਈ
ਪਿੰਡ ਰੌਣੀ ਵਿੱਚ ਅੱਜ ਦੇਰ ਸ਼ਾਮ ਕਰੰਟ ਲੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਚਾਰ ਵਿਅਕਤੀ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਵਿੱਚੋਂ ਦੋ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਭਾਈ ਘਨ੍ਹੱਈਆ ਵੈੱਲਫੇਅਰ ਸੁਸਾਇਟੀ ਦਾ ਕਾਰਕੁਨ ਕੁਲਜੀਤ ਸਿੰਘ ਆਪਣੇ ਪਿਤਾ ਮਾਸਟਰ ਦਲੀਪ ਸਿੰਘ, ਹਰਵੀਰ ਸਿੰਘ ਕਾਕਾ, ਭੁਪਿੰਦਰ ਸਿੰਘ ਤੇ ਦੋ ਪਰਵਾਸੀ ਮਜ਼ਦੂਰਾਂ ਨਾਲ ਆਪਣੇ ਖੇਤ ਵਿੱਚ ਸ਼ੈੱਡ ਦੀਆਂ ਚਾਦਰਾਂ ਠੀਕ ਕਰ ਰਿਹਾ ਸੀ। ਇਸ ਵੇਲੇ ਸ਼ੈੱਡ ਦੀਆਂ ਚਾਦਰਾਂ ਬਿਜਲੀ ਦੀਆਂ ਢਿੱਲੀਆਂ ਲਟਕ ਰਹੀਆਂ ਤਾਰਾਂ ਦੇ ਸੰਪਰਕ ਵਿੱਚ ਆ ਗਈਆਂ, ਜਿਸ ਕਾਰਨ ਚਾਦਰਾਂ ਬਦਲ ਰਹੇ ਕੁਲਜੀਤ ਸਿੰਘ (50) ਤੇ ਪਰਵਾਸੀ ਮਜ਼ਦੂਰ ਹਰਵੀਰ ਸਿੰਘ ਕਾਕਾ (25) ਪੁੱਤਰ ਕਮਲਜੀਤ ਸਿੰਘ ਨੂੰ ਕਰੰਟ ਦਾ ਜ਼ੋਰਦਾਰ ਝਟਕਾ ਲੱਗਿਆ। ਝਟਕਾ ਇੰਨਾ ਜ਼ਬਰਦਸਤ ਸੀ ਕਿ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਘਟਨਾ ਵਿੱਚ ਜ਼ਖ਼ਮੀ ਹੋਏ ਭੁਪਿੰਦਰ ਸਿੰਘ ਤੇ ਮਜ਼ਦੂਰ ਸੀਤਾ ਰਾਮ ਜ਼ੇਰੇ ਇਲਾਜ ਹਨ ਤੇ ਬਾਕੀ ਦੋ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।
ਪਿੰਡ ਵਾਸੀਆਂ ਨੇ ਇਸ ਘਟਨਾ ਲਈ ਬਿਜਲੀ ਵਿਭਾਗ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਬਿਜਲੀ ਮਹਿਕਮੇ ਦੀ ਲਾਪ੍ਰਵਾਹੀ ਕਾਰਨ ਇਹ ਹਾਦਸਾ ਵਾਪਰਿਆ ਹੈ, ਕਿਉਂਕਿ ਕੁਲਜੀਤ ਕਈ ਦਿਨਾਂ ਤੋਂ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੂੰ ਬਿਜਲੀ ਦੀਆਂ ਢਿੱਲੀਆਂ ਤਾਰਾਂ ਕੱਸਣ ਲਈ ਫ਼ੋਨ ਕਰ ਰਿਹਾ ਸੀ, ਪਰ ਵਿਭਾਗ ਵੱਲੋਂ ਤਾਰਾਂ ਠੀਕ ਨਹੀਂ ਕੀਤੀਆਂ ਗਈਆਂ।