ਸ਼ਸ਼ੀ ਪਾਲ ਜੈਨ
ਖਰੜ 21 ਸਤੰਬਰ
ਗੈਂਗਸਟਰ ਸੰਪਤ ਨਹਿਰਾ ਅਤੇ ਕਾਲੀ ਸ਼ੂਟਰ ਨੂੰ ਅੱਜ ਖਰੜ ਸਦਰ ਪੁਲੀਸ ਵੱਲੋਂ ਇੱਕ ਫਿਲਮ ਪ੍ਰੋਡਿਊਸਰ ਮੋਹਿਤ ਬਨਵੈਤ ਕੋਲੋਂ ਇੱਕ ਕਰੋੜ ਰੁਪਏ ਦੀ ਫਿਰੌਤੀ ਮੰਗਣ ਸਬੰਧੀ ਦਰਜ ਹੋਏ ਕੇਸ ਵਿੱਚ ਗ੍ਰਿਫਤਾਰ ਕਰਕੇ ਖਰੜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵਾਂ ਨੂੰ 10 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ 26 ਅਗਸਤ ਨੂੰ ਮੋਹਿਤ ਬਨਵੈਤ ਨੇ ਖਰੜ ਸਦਰ ਥਾਣੇ ਵਿੱਚ ਕੀਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਹ ਬਨਵੈਤ ਫਿਲਮ, ਬਨਵੈਤ ਮਿਊਜ਼ਿਕ ਅਤੇ ਨਬਿਾਰਕਾ ਇੰਡਸਟਰੀ ਦਾ ਪ੍ਰੋਡਿਊਸਰ ਹੈ। ਉਸ ਨੂੰ ਵ੍ਹਟਸਐਪ ’ਤੇ ਇੱਕ ਕਰੋੜ ਰੁਪਏ ਦੀ ਫਿਰੌਤੀ ਸਬੰਧੀ ਫੋਨ ਆਇਆ ਸੀ। ਫੋਨ ਕਰਨ ਵਾਲੇ ਨੇ ਖੁਦ ਨੂੰ ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ ਗਰੁੱਪ ਦਾ ਮੈਂਬਰ ਦੱਸਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੋਵੇਂ ਗੈਂਗਸਟਰ ਸੋਹਾਣਾ ਪੁਲੀਸ ਕੋਲ ਦਰਜ ਇੱਕ ਕੇਸ ਵਿੱਚ ਰਿਮਾਂਡ ’ਤੇ ਚੱਲ ਰਹੇ ਸਨ। ਇੱਥੇ ਪੁੱਛ-ਪੜਤਾਲ ਦੌਰਾਨ ਉਨ੍ਹਾਂ ਮੰਨਿਆ ਕਿ ਮੋਹਿਤ ਬਨਵੈਤ ਨੂੰ ਵ੍ਹਟਸਐਪ ’ਤੇ ਕਾਲ ਉਨ੍ਹਾਂ ਵੱਲੋਂ ਹੀ ਕੀਤੀ ਗਈ ਸੀ। ਖਰੜ ਸਦਰ ਪੁਲੀਸ ਨੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ’ਚ ਪੇਸ਼ ਕੀਤਾ।
ਅੰਮ੍ਰਿਤਸਰ ਪੁਲੀਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਟਰਾਂਜ਼ਿਟ ਰਿਮਾਂਡ ਲਿਆ
ਖਰੜ (ਪੱਤਰ ਪ੍ਰੇਰਕ): ਇੱਥੋਂ ਦੀ ਅਦਾਲਤ ਨੇ ਅੱਜ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਟਰਾਂਜ਼ਿਟ ਰਿਮਾਂਡ ’ਤੇ ਅੰਮ੍ਰਿਤਸਰ ਪੁਲੀਸ ਦੇ ਹਵਾਲੇ ਕਰ ਦਿੱਤਾ ਹੈ। ਦਸ ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ਮਗਰੋਂ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਗੈਂਗਸਟਰ ਜੱਗੂ ਭਗਵਾਨਪੁਰੀਆ ਖ਼ਿਲਾਫ਼ 9 ਸਤੰਬਰ ਨੂੰ ਖਰੜ ਸਦਰ ਥਾਣੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਸੀ ਅਤੇ ਖਰੜ ਦੇ ਸੀਆਈਏ ਸਟਾਫ ਵੱਲੋਂ ਉਸ ਨੂੰ ਜਲੰਧਰ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਸੀ ਅਤੇ ਅਦਾਲਤ ਨੇ ਉਸ ਨੂੰ ਦਸ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਸੀ। ਇੱਥੇ ਸਦਰ ਥਾਣੇ ਵਿੱਚ ਦਰਜ ਐੱਫਆਈਆਰ ਨੰਬਰ 260 ਅਨੁਸਾਰ, ਸੀਆਈਏ ਸਟਾਫ ਨੇ ਮਨਪ੍ਰੀਤ ਸਿੰਘ ਉਰਫ ਭੀਮਾ ਨੂੰ ਇੱਕ ਬੀਐੱਮਡਬਲੀਊ ਗੱਡੀ (ਐੱਚ.ਆਰ 26 ਬੀਟੀ 1558) ਸਮੇਤ ਖਰੜ ਵਿੱਚ ਗ੍ਰਿਫ਼ਤਾਰ ਕੀਤਾ ਸੀ।