ਹਰਜੀਤ ਸਿੰਘ
ਜ਼ੀਰਕਪੁਰ, 22 ਅਗਸਤ
ਇੱਥੋਂ ਦੇ ਇਕ ਰਿਜ਼ੌਰਟ ਵਿੱਚ ਪੰਚਾਇਤਾਂ ਵਿੱਚ ਵਿਸ਼ਾ ਆਧਾਰਤ ਦ੍ਰਿਸ਼ਟੀਕੋਣ ਰਾਹੀਂ ਟਿਕਾਊ ਵਿਕਾਸ ਟੀਚਿਆਂ (ਐੱਲਐੱਸਡੀਜੀ) ਬਾਰੇ ਦੋ ਰੋਜ਼ਾ ਕੌਮੀ ਵਰਕਸ਼ਾਪ ਦਾ ਉਦਘਾਟਨ ਕੇਂਦਰੀ ਪੰਚਾਇਤੀ ਰਾਜ ਮੰਤਰੀ ਕਪਿਲ ਮੋਰੇਸ਼ਵਰ ਪਾਟਿਲ ਅਤੇ ਪੰਜਾਬ ਦੇ ਪੇਂਡੂ ਵਿਕਾਸ, ਖੇਤੀਬਾੜੀ ਤੇ ਪਰਵਾਸੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਾਂਝੇ ਤੌਰ ’ਤੇ ਕੀਤਾ।
ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਨੇ ਮੋਹਰੀ ਭੂਮਿਕਾ ਨਿਭਾਉਂਦਿਆਂ ਦੇਸ਼ ਲਈ ਅਨੇਕਾਂ ਲੜਾਈਆਂ ਲੜੀਆਂ ਫਿਰ ਭਾਵੇਂ ਗੱਲ ਸਰਹੱਦਾਂ ਦੀ ਰਾਖੀ ਦੀ ਹੋਵੇ ਜਾਂ ਅੰਨ-ਭੰਡਾਰ ਰਾਹੀਂ ਦੇਸ਼ ਵਾਸੀਆਂ ਦਾ ਢਿੱਡ ਭਰਨ ਦੀ ਹੋਵੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਵਿੱਤੀ ਸੰਕਟ ਵਿੱਚੋਂ ਲੰਘ ਰਿਹਾ ਹੈ, ਜਿਸ ਦੀ ਕੇਂਦਰ ਨੂੰ ਬਾਂਹ ਫੜਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ 63 ਫੀਸਦੀ ਆਬਾਦੀ ਪਿੰਡਾਂ ਵਿੱਚ ਵਸਦੀ ਹੈ ਅਤੇ ਪਿੰਡਾਂ ਦਾ ਸਰਵਪੱਖੀ ਵਿਕਾਸ ਤਾਂ ਹੀ ਸੰਭਵ ਹੈ ਜੇਕਰ ਕੇਂਦਰ ਸਰਕਾਰ ਸਿਹਤ ਸਹੂਲਤਾਂ, ਪੀਣ ਵਾਲਾ ਪਾਣੀ, ਖੇਡ ਸਹੂਲਤਾਂ, ਛੱਪੜਾਂ ਦੀ ਸਾਂਭ-ਸੰਭਾਲ ਲਈ ਵੱਧ ਤੋਂ ਵੱਧ ਫੰਡ ਮੁਹੱਈਆ ਕਰਵਾਏ।
ਇਸ ਮੌਕੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਕੇਂਦਰੀ ਪੰਚਾਇਤੀ ਰਾਜ ਮੰਤਰੀ ਕਪਿਲ ਮੋਰੇਸ਼ਵਰ ਪਾਟਿਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਕੌਮੀ ਕਾਨਫਰੰਸ ਕਰਵਾਉਣ ਵਾਲਾ ਪੰਜਾਬ ਪਹਿਲਾ ਸੂਬਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਕੇਂਦਰੀ ਸਕੀਮਾਂ ਅਨੁਸਾਰ ਜੋ ਵੀ ਤਜਵੀਜ਼ ਭੇਜੇਗੀ, ਉਸ ਤਹਿਤ ਲੋੜੀਂਦੇ ਫੰਡ ਜਾਰੀ ਕੀਤੇ ਜਾਣਗੇ। ਕੇਂਦਰੀ ਮੰਤਰੀ ਨੇ ਕਿਹਾ ਕਿ ਕੁਝ ਸਕੀਮਾਂ ਵਿੱਚ ਤਕਨੀਕੀ ਖਾਮੀਆਂ ਕਾਰਨ ਰੁਕੇ ਫੰਡ ਵੀ ਜਲਦੀ ਜਾਰੀ ਕਰਵਾਏ ਜਾਣਗੇ। ਉਨ੍ਹਾਂ ਕਿਹਾ ਪੰਚਾਇਤਾਂ ਨੂੰ ਸਵੈ-ਨਿਰਭਰ ਹੋਣ ਲਈ ਆਪਣੇ ਵਸੀਲਿਆਂ ਤੋਂ ਆਮਦਨ ਵਧਾਉਣ ਲਈ ਮਿਹਨਤ ਕਰਨੀ ਪਵੇਗੀ ਤਾਂ ਜੋ ਉਨ੍ਹਾਂ ਨੂੰ ਵਿਕਾਸ ਲਈ ਸਰਕਾਰਾਂ ’ਤੇ ਟੇਕ ਨਾ ਰੱਖਣੀ ਪਵੇ। ਇਸ ਮੌਕੇ ਇੱਕ ਅਹਿਮ ਐਲਾਨ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਵੱਖ-ਵੱਖ ਸੂਬਿਆਂ ਦੀਆਂ ਪੰਚਾਇਤਾਂ ਦੇ ਵਧੀਆ ਕੰਮ ਦਿਖਾਉਣ ਲਈ ਇੱਕ-ਦੂਜੇ ਸੂਬੇ ਵਿੱਚ ਪੰਚਾਇਤਾਂ ਨੂੰ ਭੇਜਣ ਲਈ ਪ੍ਰੋਗਰਾਮ ਚਲਾਇਆ ਜਾਵੇਗਾ।
ਵਰਕਸ਼ਾਪ ਦੌਰਾਨ ਸੰਬੋਧਨ ਕਰਦਿਆਂ ਸੂਬੇ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਹਰਭਜਨ ਸਿੰਘ ਈਟੀਓ, ਡਾ. ਬਲਜੀਤ ਕੌਰ, ਬ੍ਰਹਮ ਸ਼ੰਕਰ ਜਿੰਪਾ, ਅਨਮੋਲ ਗਗਨ ਮਾਨ ਅਤੇ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਜ਼ਰੂਰੀ ਹੈ ਕਿ ਵਿਕਾਸ ਕਾਰਜਾਂ ’ਤੇ ਸਰਕਾਰੀ ਫੰਡ ਪਾਰਦਰਸ਼ੀ ਢੰਗ ਨਾਲ ਬਿਨਾਂ ਕਿਸੇ ਭੇਦ-ਭਾਵ ਦੇ ਖ਼ਰਚੇ ਜਾਣ। ਇਸ ਦੌਰਾਨ ਕੇਂਦਰੀ ਮੰਤਰੀ ਅਤੇ ਸੂਬੇ ਦੇ ਪੰਚਾਇਤ ਮੰਤਰੀ ਨੇ ਡੇਰਾਬੱਸੀ ਦੇ ਪਿੰਡ ਸਰਸੀਨੀ ਦਾ ਦੌਰਾ ਵੀ ਕੀਤਾ।