ਹਰਪ੍ਰੀਤ ਕੌਰ
ਹੁਸ਼ਿਆਰਪੁਰ, 25 ਅਗਸਤ
ਸ਼੍ਰੋਮਣੀ ਅਕਾਲੀ ਦਲ ਵੱਲੋਂ ਦੋ ਸੰਵਿਧਾਨ ਰੱਖਣ ਦੇ ਮਾਮਲੇ ਵਿੱਚ ਹੁਸ਼ਿਆਰਪੁਰ ਦੇ ਵਧੀਕ ਚੀਫ਼ ਜੁਡੀਸ਼ਲ ਮੈਜਿਸਟਰੇਟ ਰੁਪਿੰਦਰ ਸਿੰਘ ਦੀ ਅਦਾਲਤ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਦਲਜੀਤ ਸਿੰਘ ਚੀਮਾ ਪੇਸ਼ ਹੋਏ ਜਦਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਵੀ ਅਦਾਲਤ ਵਿਚ ਹਾਜ਼ਰ ਨਹੀਂ ਹੋਏ। ਸ਼੍ਰੋਮਣੀ ਅਕਾਲੀ ਦਲ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਦੇ ਪੇਸ਼ ਨਾ ਹੋਣ ਕਾਰਨ ਬਹਿਸ ਵੀ ਮੁਲਤਵੀ ਕਰ ਦਿੱਤੀ ਗਈ ਅਤੇ ਅਗਲੀ ਸੁਣਵਾਈ 3 ਸਤੰਬਰ ਤੈਅ ਕੀਤੀ ਗਈ। ਸ਼ਿਕਾਇਤਕਰਤਾ ਬਲਵੰਤ ਸਿੰਘ ਖੇੜਾ ਦੇ ਵਕੀਲਾਂ ਐਡਵੋਕੇਟ ਬੀਐੱਸ ਰਿਆੜ ਅਤੇ ਐਡਵੋਕੇਟ ਹਿਤੇਸ਼ ਪੁਰੀ ਨੇ ਦੱਸਿਆ ਕਿ ਦੂਜੀ ਧਿਰ ਵੱਲੋਂ ਮਾਮਲਾ ਲਟਕਾਉਣ ਲਈ ਜਾਣ-ਬੁੱਝ ਕੇ ਅਜਿਹਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 12 ਸਾਲਾਂ ਬਾਅਦ ਜਦੋਂ ਇਹ ਕੇਸ ਅਹਿਮ ਪੜਾਅ ’ਤੇ ਪਹੁੰਚ ਚੁੱਕਿਆ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੇਸ ਨੂੰ ਲਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਰਣਨਯੋਗ ਹੈ ਕਿ ਇਸ ਮਾਮਲੇ ’ਚ ਮੁਲਜ਼ਮ ਕਰਾਰ ਦਿੱਤੇ ਗਏ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਕੱਤਰ ਜਨਰਲ ਦਲਜੀਤ ਸਿੰਘ ਚੀਮਾ ਪਿਛਲੀਆਂ ਤਰੀਕਾਂ ’ਤੇ ਅਦਾਲਤ ’ਚ ਪੇਸ਼ ਹੋ ਕੇ ਆਪਣੀਆਂ ਜ਼ਮਾਨਤਾਂ ਕਰਵਾ ਚੁੱਕੇ ਹਨ। ਐਡਵੋਕੇਟ ਬੀਐੱਸ ਰਿਆੜ ਅਤੇ ਐਡਵੋਕੇਟ ਹਿਤੇਸ਼ ਪੁਰੀ ਨੇ ਦੱਸਿਆ ਕਿ ਬਲਵੰਤ ਸਿੰਘ ਖੇੜਾ ਤੇ ਓਮ ਸਿੰਘ ਸਟਿਆਣਾ ਵਲੋਂ ਸਾਲ 2009 ’ਚ ਕੀਤੀ ਗਈ ਸ਼ਿਕਾਇਤ ’ਤੇ ਉਕਤ ਆਗੂਆਂ ਖਿਲਾਫ਼ ਸਾਜ਼ਿਸ਼ ਕਰਨ, ਧੋਖਾਧੜੀ ਤੇ ਜਾਅਲਸਾਜ਼ੀ ਦਾ ਕੇਸ ਚੱਲ ਰਿਹਾ ਹੈ।