ਸਰਬਜੀਤ ਸਿੰਘ ਭੰਗੂ
ਪਟਿਆਲਾ, 5 ਜਨਵਰੀ
ਪਟਿਆਲਾ ਜ਼ਿਲ੍ਹੇ ’ਚ ਅੱਜ ਓਮੀਕਰੋਨ ਦੇ ਦੋ ਪਾਜ਼ੇਟਿਵ ਕੇਸ ਮਿਲੇ ਹਨ। ਕਰੀਬ ਤੀਹ ਸਾਲਾਂ ਦੇ ਇਹ ਪਤੀ-ਪਤਨੀ ਜ਼ਿਲ੍ਹੇ ਦੇ ਕਸਬਾ ਘੱਗਾ ਦੇ ਰਹਿਣ ਵਾਲੇ ਹਨ ਅਤੇ ਹਫ਼ਤਾ ਪਹਿਲਾਂ ਯੂਕੇ ਤੋਂ ਪਰਤੇ ਸਨ। ਉਨ੍ਹਾਂ ਦੇ ਲੈਬ ਵਿੱਚ ਭੇਜੇ ਗਏ ਸੈਂਪਲਾਂ ਦੀ ਰਿਪੋਰਟ ਅੱਜ ਸ਼ਾਮ ਨੂੰ ਆਈ, ਜਿਸ ਦੌਰਾਨ ਇਹ ਦੋਵੇਂ ਹੀ ਓਮੀਕਰੋਨ ਤੋਂ ਪੀੜਤ ਪਾਏ ਗਏ। ਪਤਾ ਲੱਗਦਿਆਂ ਹੀ ਹਰਕਤ ਵਿੱਚ ਆਏ ਸਿਹਤ ਵਿਭਾਗ ਨੇ ਦੋਵਾਂ ਨੂੰ ਉਥੋਂ ਪਟਿਆਲਾ ਸਥਿਤ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਹੈ। ਕਰੋਨਾ ਸਬੰਧੀ ਜ਼ਿਲ੍ਹਾ ਨੋਡਲ ਅਫ਼ਸਰ ਡਾ. ਸੁਮੀਤ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਪੀੜਤ ਪਤੀ-ਪਤਨੀ ਦੇ ਸੰਪਰਕ ਵਿੱਚ ਰਹੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਹੋਰਨਾਂ ਦਾ ਪਤਾ ਲਾ ਕੇ ਉਨ੍ਹਾਂ ਦੇ ਵੀ ਸੈਂਪਲ ਲਏ ਜਾ ਰਹੇ ਹਨ।
ਨਵੇਂ ਸਾਲ ’ਚ 1500 ਪਾਜ਼ੇਟਿਵ ਕੇਸ
ਨਵੇਂ ਸਾਲ ਦੇ ਪਹਿਲੇ ਪੰਜ ਦਿਨਾਂ ਵਿੱਚ ਹੀ ਕਰੋਨਾ ਦੇ 1500 ਦੇ ਕਰੀਬ ਪਾਜ਼ੇਟਿਵ ਕੇਸ ਆ ਚੁੱਕੇ ਹਨ। ਇਸ ਅੰਕੜੇ ਮੁਤਾਬਿਕ ਪਟਿਆਲਾ ਨੂੰ ਪੰਜਾਬ ਭਰ ਵਿੱਚੋਂ ਸਭ ਤੋਂ ਮੋਹਰੀ ਮੰਨਿਆ ਜਾ ਰਿਹਾ ਹੈ। ਅੱਜ ਇੱਕ ਦਿਨ ਵਿੱਚ ਹੀ 598 ਪਾਜ਼ੇਟਿਵ ਕੇਸ ਮਿਲੇ ਹਨ। ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ 516 ਕੇਸ ਤਾਂ ਇਕੱਲੇ ਪਟਿਆਲਾ ਸ਼ਹਿਰ ਵਿੱਚੋਂ ਹੀ ਹਨ। ਅੱਜ ਪਾਜ਼ੇਟਿਵ ਆਏ ਕੇਸਾਂ ਵਿੱਚ ਪਟਿਆਲਾ ਦੇ ਡੀਸੀ, ਇੱਕ ਐੱਸਪੀ, ਇੱਕ ਏਡੀਸੀ, ਇੱਕ ਐੱਸਡੀਐੱਮ ਸਮੇਤ ਕੁਝ ਹੋਰ ਅਧਿਕਾਰੀ ਤੇ ਮੁਲਾਜ਼ਮ ਵੀ ਸ਼ਾਮਲ ਹਨ। ਮੇਅਰ ਸੰਜੀਵ ਬਿੱਟੂ ਤੇ ਉਨ੍ਹਾਂ ਦੇ ਪੀਆਰਓ ਵਿਨੈ ਸ਼ੋਰੀ ਸਮੇਤ ਨਗਰ ਨਿਗਮ ਦੇ ਕੁਝ ਅਧਿਕਾਰੀ ਤੇ ਮੁਲਾਜ਼ਮ ਵੀ ਪਾਜ਼ੇਟਿਵ ਆ ਚੁੱਕੇ ਹਨ।