ਨਿੱਜੀ ਪੱਤਰ ਪ੍ਰੇਰਕ
ਜਲੰਧਰ, 4 ਸਤੰਬਰ
ਜ਼ਿਲ੍ਹੇ ਵਿਚ ਪਏ ਮੀਂਹ ਦੌਰਾਨ ਦੋ ਥਾਵਾਂ ’ਤੇ ਡਿੱਗੀ ਅਸਮਾਨੀ ਬਿਜਲੀ ਨਾਲ ਦੋ ਮੱਝਾਂ ਮਰ ਗਈਆਂ ਅਤੇ ਸ਼ਹਿਰੀ ਇਲਾਕੇ ਵਿੱਚ ਇਕ ਘਰ ’ਚ ਏਅਰ ਕੰਡੀਸ਼ਨਰ ਅਤੇ ਐੱਲਸੀਡੀ ਸਮੇਤ ਹੋਰ ਬਿਜਲਈ ਉਪਕਰਨ ਸੜ ਗਏ। ਜਾਣਕਾਰੀ ਅਨੁਸਾਰ ਅਸਮਾਨੀ ਬਿਜਲੀ ਲੋਹੀਆਂ ਖਾਸ ਅਤੇ ਜਲੰਧਰ ਦੇ ਬਸਤੀ ਸ਼ੇਖ ਇਲਾਕੇ ਵਿਚ ਡਿੱਗੀ ਹੈ। ਲੋਹੀਆਂ ਨੇੜਲੇ ਪਿੰਡ ਕੰਗ ਕਲਾਂ ਦੇ ਰਹਿਣ ਵਾਲੇ ਨਿਰਭੈਅ ਸਿੰਘ ਨੇ ਦੱਸਿਆ ਕਿ ਉਸ ਦੀ ਹਵੇਲੀ ਵਿਚ ਦੋ ਮੱਝਾਂ ਬੱਝੀਆਂ ਹੋਈਆਂ ਸਨ। ਬੀਤੇ ਕੱਲ੍ਹ ਜਦੋਂ ਤੇਜ਼ ਮੀਂਹ ਪੈ ਰਿਹਾ ਸੀ ਤਾਂ ਨਾਲ ਹੀ ਅਸਮਾਨੀ ਬਿਜਲੀ ਵੀ ਲਿਸ਼ਕ ਰਹੀ ਸੀ। ਉਸ ਨੇ ਇਕਦਮ ਤੇਜ਼ ਲਾਈਟ ਨਾਲ ਬਿਜਲੀ ਗੜਕਣ ਦੀ ਅਵਾਜ਼ ਸੁਣੀ। ਜਦੋਂ ਉਸ ਨੇ ਹਵੇਲੀ ਵਿਚ ਬੱਝੀਆਂ ਮੱਝਾਂ ਦੇਖੀਆਂ ਤਾਂ ਉਹ ਦੋਵੇਂ ਮਰ ਚੁੱਕੀਆਂ ਸਨ। ਦੂਜੀ ਘਟਨਾ ਜਲੰਧਰ ਦੇ ਬਸਤੀ ਸ਼ੇਖ ਇਲਾਕੇ ਵਿਚ ਵਾਪਰੀ। ਪੀੜਤ ਪਰਿਵਾਰ ਵਿਚੋਂ ਰੀਟਾ ਨਾਂ ਦੀ ਔਰਤ ਨੇ ਦੱਸਿਆ ਕਿ ਅਸਮਾਨੀ ਬਿਜਲੀ ਨਾਲ ਉਨ੍ਹਾਂ ਦਾ ਏਸੀ ਤੇ ਐੱਲਸੀਡੀ ਸੜ ਗਏ ਹਨ। ਉਨ੍ਹਾਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ।
ਕਰੰਟ ਲੱਗਣ ਕਾਰਨ 3 ਮੱਝਾਂ ਮਰੀਆਂ, ਇੱਕ ਵਿਅਕਤੀ ਜ਼ਖ਼ਮੀ
ਆਦਮਪੁਰ ਦੋਆਬਾ (ਹਤਿੰਦਰ ਮਹਿਤਾ): ਪਿੰਡ ਭੇਲਾਂ ਵਿੱਚ ਕਰੰਟ ਲੱਗਣ ਕਾਰਨ ਗੁੱਜਰ ਪਰਿਵਾਰ ਦੀਆਂ 3 ਮੱਝਾਂ ਮਰ ਗਈਆਂ ਹਨ। ਪੀੜਤ ਗੁੱਜਰ ਮਾਂਝਾ ਪੁੱਤਰ ਬਿੱਟੂ ਵਾਸੀ ਪਿੰਡ ਭੇਲਾਂ ਨੇ ਦੱਸਿਆ ਕਿ ਉਹ ਆਪਣੀਆਂ ਮੱਝਾਂ ਚਰਾਉਣ ਲਈ ਲੈ ਕੇ ਗਿਆ ਤਾਂ ਰਸਤੇ ਵਿਚ ਬਿਜਲੀ ਦੀ ਤਾਰ ਟੁੱਟ ਕੇ ਡਿੱਗੀ ਹੋਈ ਸੀ ਅਤੇ ਕਰੰਟ ਲੱਗਣ ਕਾਰਨ 3 ਮੱਝਾਂ ਮੌਕੇ ’ਤੇ ਹੀ ਮਰ ਗਈਆਂ। ਇਸ ਦੌਰਾਨ ਉਹ ਵੀ ਕਰੰਟ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਉਸ ਨੂੰ ਪਿੰਡ ਵਾਸੀਆਂ ਨੇ ਸਿਵਲ ਹਸਪਤਾਲ ਆਦਮਪੁਰ ਵਿਚ ਇਲਾਜ ਲਈ ਦਾਖ਼ਲ ਕਰਵਾਇਆ।