ਫ਼ਾਜ਼ਿਲਕਾ (ਪਰਮਜੀਤ ਸਿੰਘ): ਇਥੇ ਫਾਜ਼ਿਲਕਾ-ਫਿਰੋਜ਼ਪੁਰ ਰੋਡ ’ਤੇ ਮੰਡੀ ਲਾਧੂਕਾ ਨੇੜੇ ਪਾਈਪਾਂ ਵਾਲੀ ਫੈਕਟਰੀ ਕੋਲ ਬੀਤੀ ਦੇਰ ਰਾਤ ਹੋਏ ਸੜਕ ਹਾਦਸੇ ’ਚ ਦੋ ਭਰਾਵਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪਿੰਡ ਚੱਕ ਖੀਵਾ ਦੇ ਪਾਲਾ ਸਿੰਘ ਅਤੇ ਮੱਖਣ ਸਿੰਘ ਵਜੋਂ ਹੋਈ ਹੈ। ਸਥਾਨਕ ਸਿਵਲ ਹਸਪਤਾਲ ’ਚ ਮੰਗਾ ਸਿੰਘ ਨੇ ਦੱਸਿਆ ਕਿ ਦੋਵੇਂ ਬੀਤੀ ਰਾਤ ਆਪਣੀ ਭੈਣ ਨੂੰ ਲੋਹੜੀ ਦੇਣ ਆਏ ਸਨ। ਉਹ ਵਾਪਸ ਜਾ ਰਹੇ ਸਨ ਕਿ ਰਸਤੇ ’ਚ ਹਾਦਸਾ ਵਾਪਰ ਗਿਆ। ਉਨ੍ਹਾਂ ਦੱਸਿਆ ਕਿ ਸੜਕ ਹਾਦਸਾ ਕਿਵੇਂ ਵਾਪਰਿਆ ਇਸ ਬਾਰੇ ਕੁਝ ਵੀ ਸਪੱਸ਼ਟ ਨਹੀਂ ਹੈ। ਮ੍ਰਿਤਕਾਂ ਦੀ ਭੈਣ ਸੁਰਿੰਦਰ ਕੌਰ ਵਾਸੀ ਪਿੰਡ ਬਹਿਕ ਹਸਤਾ ਨੇ ਦੱਸਿਆ ਕਿ ਜਦ ਉਨ੍ਹਾਂ ਪੁਲੀਸ ਮੁਲਾਜ਼ਮਾਂ ਨੂੰ ਹਾਦਸੇ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਮੋਟਰ ਸਾਈਕਲ ਟਰੱਕ ’ਚ ਵੱਜਿਆ ਹੈ। ਜਦੋਂਕਿ ਟਰੱਕ ਚਾਲਕ ਦਾ ਕਹਿਣਾ ਹੈ ਕਿ ਨੌਜਵਾਨਾਂ ਦਾ ਮੋਟਰਸਾਈਕਲ ਕਾਰ ਵਿੱਚ ਵੱਜਿਆ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਮਗਰੋਂ ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਜਦਕਿ ਦੂਸਰੇ ਨੇ ਹਸਪਤਾਲ ਪੁੱਜਣ ’ਤੇ ਦਮ ਤੋੜ ਦਿੱਤਾ।